ਪਠਾਨਕੋਟ, 21 ਅਪ੍ਰੈਲ (ਸੰਧੂ)-ਮੋਂਟੇਸਰੀ ਕੈਂਬਰਿਜ ਸਕੂਲ ਪਠਾਨਕੋਟ ਦੇ 12ਵੀਂ ਜਮਾਤ (ਮੈਡੀਕਲ) ਦੇ ਵਿਦਿਆਰਥੀਆਂ ਨੇ ਆਈ.ਐਮ.ਏ. ਪਠਾਨਕੋਟ ਵਲੋਂ ਮੇਰਿਲ ਦੇ ਸਹਿਯੋਗ ਨਾਲ ਕਰਵਾਏ ਗਏ 'ਰੇਇਸ ਆਰਥਰੋਪਲਾਸਟੀ ਸ਼ਿਖਰ ਸੰਮੇਲਨ' ਵਿਚ ਭਾਗ ਲਿਆ | ਇਹ ਸਮਾਗਮ ਪਠਾਨਕੋਟ ਦੇ ਇਕ ਨਿੱਜੀ ਰਿਜ਼ਾਰਟ ਵਿਚ ਹੋਇਆ, ਜਿਸ ਦਾ ਮੁੱਖ ਵਿਸ਼ਾ 'ਰੋਬੋਟਿਕਸ ਅਤੇ ਆਰਟੀਫੀਸ਼ਲ ਇੰਟੈਲੀਜੈਂਸ ਨਾਲ ਸਰਜਰੀ ਵਿਚ ਸੁਧਾਰ' ਸੀ | ਵਿਦਿਆਰਥੀਆਂ ਨੂੰ ਘੁੱਟਨੇ ਅਤੇ ਕੁੱਲ੍ਹੇ ਦੀਆਂ ਨਵੀਆਂ ਸਰਜਰੀ ਤਕਨੀਕਾਂ ਬਾਰੇ ਜਾਣਨ ਦਾ ਮੌਕਾ ਮਿਲਿਆ | ਸੰਮੇਲਨ ਵਿਚ ਡਾ: ਵਿਸ਼ਾਲ ਗੋਇਲ, ਡਾ: ਕਵਰ ਆਰਯਮਾਨ ਸਿੰਘ ਅਤੇ ਡਾ: ਉਦਯ ਰਸਵਾਨ ਵਰਗੇ ਮਾਹਿਰ ਡਾਕਟਰਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ | ਉਨ੍ਹਾਂ ਨੇ ਦੱਸਿਆ ਕਿ ਨਵੀਂ ਟੈਕਨਾਲੋਜੀ ਨਾਲ ਸਰਜਰੀ ਹੋਰ ਸਹੀ ਅਤੇ ਸੁਰੱਖਿਅਤ ਬਣ ਰਹੀ ਹੈ | ਵਿਦਿਆਰਥੀਆਂ ਨੇ ਆਧੁਨਿਕ ਸਾਜੋ-ਸਮਾਨ ਅਤੇ ਏ.ਆਈ. ਆਧਾਰਿਤ ਰੋਬੋਟਿਕ ਸਿਸਟਮਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ | ਇਸ ਦੌਰੇ ਨਾਲ ਵਿਦਿਆਰਥੀਆਂ ਵਿਚ ਡਾਕਟਰੀ ਖੇਤਰ ਵੱਲ ਰੁਝਾਨ ਅਤੇ ਉਤਸ਼ਾਹ ਵਧਿਆ | ਸਕੂਲ ਦੇ ਪ੍ਰਧਾਨ ਵਿਨੋਦ ਮਹਾਜਨ, ਉਪ ਪ੍ਰਧਾਨ ਆਕਾਸ਼ ਮਹਾਜਨ ਅਤੇ ਡਾਇਰੈਕਟਰ/ਪਿ੍ੰਸੀਪਲ ਰਸ਼ਮੀ ਆਹਲੂਵਾਲੀਆ ਨੇ ਇਸ ਉਪਰਾਲੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰਯੋਗਾਤਮਿਕ ਅਨੁਭਵ ਵਿਦਿਆਰਥੀਆਂ ਦੇ ਭਵਿੱਖ ਲਈ ਬਹੁਤ ਲਾਭਕਾਰੀ ਹਨ |