ਬਹਿਰਾਮਪੁਰ, 23 ਅਪ੍ਰੈਲ (ਪ੍ਰੋ: ਬਲਬੀਰ ਸਿੰਘ ਕੋਲਾ)- ਵਿਧਾਨ ਸਭਾ ਹਲਕਾ ਦੀਨਾਨਗਰ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਵਲੋਂ ਫੋਕਲ ਪੁਆਇੰਟ ਮਰਾੜਾ, ਕਸਬਾ ਬਹਿਰਾਮਪੁਰ ਅਤੇ ਰਾਮਪੁਰ ਵਿਖੇ ਮੰਡੀਆਂ ਦਾ ਦੌਰਾ ਕਰਕੇ ਮੰਡੀਆਂ ਵਿਚ ਚੱਲ ਰਹੀ ਸਰਕਾਰੀ ਖ਼ਰੀਦ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ | ਇਸ ਮੌਕੇ ਉਨ੍ਹਾਂ ਨੇ ਮੰਡੀਆਂ ਵਿਚ ਕਣਕ ਲੈ ਕੇ ਆਏ ਕਿਸਾਨਾਂ, ਆੜ੍ਹਤੀਆਂ ਤੇ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਖ਼ਰੀਦ ਪ੍ਰਬੰਧਾਂ 'ਤੇ ਸੰਤੁਸ਼ਟੀ ਪ੍ਰਗਟ ਕੀਤੀ | ਉਨ੍ਹਾਂ ਕਿਹਾ ਕਿ ਕਣਕ ਦੀ ਫ਼ਸਲ 'ਤੇ ਮੀਂਹ ਪੈਣ ਨਾਲ ਕਣਕ ਦੇ ਦਾਣਿਆਂ ਦੀ ਮਿਕਦਾਰ ਅਤੇ ਨਮੀ ਦੇ ਸਬੰਧ ਵਿਚ ਛੋਟ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਹੁਣ ਤੱਕ ਕਿਸਾਨਾਂ ਨੇ 75 ਫ਼ੀਸਦੀ ਕਣਕ ਦੀ ਕਟਾਈ ਦਾ ਕੰਮ ਮੁਕੰਮਲ ਕਰ ਲਿਆ ਹੈ | ਸਰਕਾਰ ਕਿਸਾਨਾਂ ਦੀ ਮੰਡੀ ਵਿਚ ਆਈ ਕਣਕ ਦੀ ਖ਼ਰੀਦ ਸਬੰਧੀ ਵਚਨਬੱਧ ਹੈ | ਕਿਸਾਨਾਂ ਕੋਲੋਂ ਖ਼ਰੀਦੀ ਗਈ ਕਣਕ ਦਾ ਭੁਗਤਾਨ ਵੀ ਨਾਲ ਦੇ ਨਾਲ ਹੀ ਕੀਤਾ ਜਾ ਰਿਹਾ ਹੈ | ਇਸ ਮੌਕੇ ਉਨ੍ਹਾਂ ਨਾਲ ਐਫ.ਸੀ.ਆਈ. ਦੇ ਅਧਿਕਾਰੀ ਏ.ਐਫ.ਐਸ.ਓ. ਰਣਜੀਤ ਸਿੰਘ ਗੋਰਾਇਆ, ਇੰਸਪੈਕਟਰ ਕਿਰਨ ਕੁਮਾਰ, ਆੜ੍ਹਤੀ ਸ਼ਕਤੀ ਸਿੰਘ ਤੇ ਹੋਰ ਹਾਜ਼ਰ ਸਨ |