ਗੁਰਦਾਸਪੁਰ, 24 ਅਪ੍ਰੈਲ (ਚੱਕਰਾਜਾ)- ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵਲੋਂ ਦਿੱਤੇ ਗਏ ਬਲੈਕ ਆਊਟ ਦੇ ਹੁਕਮਾਂ ਤਹਿਤ ਪੁਰਾਣੇ ਬੱਸ ਸਟੈਂਡ ਵਿਖੇ ਮੌਕ ਡਰਿੱਲ ਕੀਤੀ ਗਈ | ਇਸ ਅਭਿਆਸ ਦੌਰਾਨ ਪੂਰਾ ਸ਼ਹਿਰ ਰਾਤ 8 ਵਜੇ ਤੋਂ 8:30 ਵਜੇ ਤੱਕ ਹਨੇਰੇ ਵਿਚ ਡੁੱਬ ਗਿਆ | ਬੇਸ਼ੱਕ ਪ੍ਰਸ਼ਾਸਨ ਵਲੋਂ ਸ਼ੁਰੂ ਵਿਚ 15 ਮਿੰਟ ਦਾ ਬਲੈਕ ਆਊਟ ਐਲਾਨਿਆ ਸੀ ਪਰ ਬਾਅਦ ਵਿਚ ਇਸ ਨੂੰ ਅੱਧੇ ਘੰਟੇ ਤੱਕ ਵਧਾ ਦਿੱਤਾ ਗਿਆ ਤੇ ਪੂਰੇ ਸ਼ਹਿਰ ਵਾਸੀਆਂ ਨੂੰ ਆਪਣੇ ਘਰਾਂ ਦੇ ਅੰਦਰ ਅਤੇ ਬਾਹਰ ਦੀਆਂ ਲਾਈਟਾਂ ਬੰਦ ਰੱਖਣ ਦੀ ਅਪੀਲ ਕੀਤੀ ਗਈ ਸੀ | ਬਿਜਲੀ ਵਿਭਾਗ ਵਲੋਂ ਵੀ ਸ਼ਹਿਰ ਦੀਆਂ ਸਾਰੀਆਂ ਲਾਈਟਾਂ ਬੰਦ ਕਰ ਦਿੱਤੀਆਂ ਗਈਆਂ ਸਨ | ਰਾਤ 8 ਵਜੇ ਦੇ ਕਰੀਬ ਬੱਸ ਸਟੈਂਡ 'ਤੇ ਇਕ ਸਾਇਰਨ ਵੱਜਿਆ | ਸਿਵਲ ਡਿਫੈਂਸ ਸਟਾਫ ਨੇ ਐਮਰਜੈਂਸੀ ਸਮੇਂ ਦੌਰਾਨ ਕੀ ਕਰਨਾ ਹੈ, ਉਸ ਬਾਰੇ ਦੱਸਿਆ | ਉਨ੍ਹਾਂ ਦੱਸਿਆ ਕਿ ਇਹ ਸਿਰਫ਼ ਜਾਗਰੂਕਤਾ ਵਧਾਉਣ ਲਈ ਕੀਤਾ ਜਾ ਰਿਹਾ ਸੀ ਕਿ ਜੇਕਰ ਕਦੇ ਕੋਈ ਮੁਸ਼ਕਿਲ ਸਥਿਤੀ ਪੈਦਾ ਹੁੰਦੀ ਹੈ ਤਾਂ ਸਾਨੂੰ ਉਸ ਸਥਿਤੀ ਨੂੰ ਕਿਸ ਤਰੀਕੇ ਨਾਲ ਸੰਭਾਲਣਾ ਚਾਹੀਦਾ ਹੈ | ਇਸ ਮੌਕੇ ਸਿਵਲ ਡਿਫੈਂਸ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ |