ਦੀਨਾਨਗਰ, 24 ਅਪ੍ਰੈਲ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)- ਇਲਾਕੇ 'ਚ ਲਗਾਤਾਰ ਹੋ ਰਹੀਆਂ ਪਸ਼ੂ ਚੋਰੀ ਦੀਆਂ ਘਟਨਾਵਾਂ ਤੋਂ ਅੱਕੇ ਲੋਕਾਂ ਨੇ ਬੀਤੀ ਰਾਤ ਧਮਰਾਈ ਪੁਲ ਨੇੜੇ ਆਪ ਹੀ ਨਾਕੇਬੰਦੀ ਕਰਕੇ ਪਸ਼ੂ ਚੋਰਾਂ ਦੀ ਇਕ ਗਡੀ ਫੜ ਲਈ ਜਿਸ ਵਿਚ ਚੋਰੀ ਦੀਆਂ ਦੋ ਕੀਮਤੀ ਮੱਝਾਂ ਲੱਦੀਆਂ ਹੋਈਆਂ ਸਨ | ਹਾਲਾਂਕਿ ਰਾਤ ਦਾ ਸਮਾਂ ਹੋਣ ਕਰਕੇ ਗੱਡੀ ਵਿਚ ਸਵਾਰ ਲੋਕ ਗੱਡੀ ਛੱਡ ਕੇ ਮੌਕੇ ਤੋਂ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਏ | ਇਸੇ ਦੌਰਾਨ ਚੋਰਾਂ ਦੀ ਗੱਡੀ ਫੜੇ ਜਾਣ ਦੇ ਰੌਲ਼ੇ ਰੱਪੇ 'ਚ ਵਾਪਰੇ ਇਕ ਹੋਰ ਨਾਟਕੀ ਘਟਨਾਕ੍ਰਮ ਦੌਰਾਨ ਘਟਨਾ ਸਥਾਨ ਦੇ ਨੇੜੇ ਹੀ ਸਥਿਤ ਇਕ ਗੁੱਜਰਾਂ ਦੇ ਡੇਰੇ ਨੇੜਿਉਂ ਲੋਕਾਂ ਨੇ ਚੋਰੀ ਦੀਆਂ ਦੋ ਹੋਰ ਕੀਮਤੀ ਮੱਝਾਂ ਵੀ ਬਰਾਮਦ ਕੀਤੀਆਂ ਹਨ | ਪਿੰਡ ਧਮਰਾਈ ਦੇ ਗੁਰਨਾਮ ਸਿੰਘ, ਸ਼ਹਿਜ਼ਾਦਾ ਦੇ ਇਕਬਾਲ ਸਿੰਘ, ਵਿਜੇ ਕੁਮਾਰ, ਯੋਧ ਸਿੰਘ, ਗੁਰਦੀਪ ਸਿੰਘ ਤੇ ਰਮਨਦੀਪ ਸਿੰਘ ਨੇ ਦੱਸਿਆ ਕਿ ਇਲਾਕੇ ਅੰਦਰ ਪਸ਼ੂ ਚੋਰੀ ਦੀਆਂ ਘਟਨਾਵਾਂ ਵੱਡੇ ਪੱਧਰ 'ਤੇ ਵਾਪਰ ਰਹੀਆਂ ਹਨ ਤੇ ਇਕ ਰਾਤ ਪਹਿਲਾਂ ਵੀ ਪਿੰਡ ਸ਼ਹਿਜ਼ਾਦਾ ਤੋਂ ਕਿਸਾਨ ਕਸ਼ਮੀਰ ਸਿੰਘ ਦੀਆਂ ਦੋ ਕੀਮਤੀ ਮੱਝਾਂ ਚੋਰੀ ਹੋਈਆਂ ਸਨ ਜਿਸ ਮਗਰੋਂ ਅੱਕੇ ਲੋਕਾਂ ਨੇ ਆਪ ਹੀ ਯੋਜਨਾ ਬਣਾ ਕੇ ਬੀਤੀ ਰਾਤ ਇਲਾਕੇ ਦੀ ਨਾਕੇਬੰਦੀ ਕਰ ਲਈ | ਇਸ ਦੌਰਾਨ ਅੱਜ ਸਵੇਰੇ ਤਿੰਨ ਵਜੇ ਦੇ ਕਰੀਬ ਯੂ.ਬੀ.ਡੀ.ਸੀ ਨਹਿਰ ਕੰਢੇ ਕੰਢੇ ਇਕ ਸ਼ੱਕੀ ਮਹਿੰਦਰਾ ਪਿਕਅਪ ਗੱਡੀ ਆਉਂਦੀ ਵਿਖਾਈ ਦਿੱਤੀ | ਨਾਕੇ 'ਤੇ ਖੜੇ ਨੌਜਵਾਨਾਂ ਨੇ ਜਦੋਂ ਪਿਕਅਪ ਡਰਾਈਵਰ ਨੂੰ ਰੋਕ ਕੇ ਗੱਡੀ ਚੈੱਕ ਕਰਵਾਉਣ ਲਈ ਕਿਹਾ ਤਾਂ ਡਰਾਈਵਰ ਨੇ ਕੁਝ ਦੇਰ ਗੱਲ ਕਰਨ ਮਗਰੋਂ ਗੱਡੀ ਭਜਾ ਲਈ ਪਰ ਕਿਸੇ ਤਰ੍ਹਾਂ ਨੌਜਵਾਨਾਂ ਨੇ ਗੱਡੀ ਦਾ ਪਿੱਛਾ ਕਰਦਿਆਂ ਧਮਰਾਈ ਵਾਲੇ ਪੁਲ 'ਤੇ ਗੱਡੀ ਨੂੰ ਘੇਰ ਲਿਆ | ਜਦੋਂ ਗੱਡੀ ਦੀ ਜਾਂਚ ਕੀਤੀ ਤਾਂ ਉਸ ਦੇ ਅੰਦਰ ਦੋ ਕੀਮਤੀ ਮੱਝਾਂ ਤੇ ਇਕ ਕੱਟਾ ਲੱਦਿਆ ਹੋਇਆ ਸੀ | ਹਾਲਾਂਕਿ ਰਾਤ ਦਾ ਸਮਾਂ ਹੋਣ ਕਾਰਨ ਗੱਡੀ ਦਾ ਡਰਾਈਵਰ ਮੌਕੇ ਤੋਂ ਫ਼ਰਾਰ ਹੋਣ 'ਚ ਕਾਮਯਾਬ ਹੋ ਗਿਆ | ਨੌਜਵਾਨਾਂ ਨੇ ਦੱਸਿਆ ਕਿ ਗੱਡੀ 'ਚੋਂ ਲਤੀਫ਼ ਪੁੱਤਰ ਮੀਰ ਹਮਜਾ ਵਾਸੀ ਬੇਨਰਾ ਜ਼ਿਲ੍ਹਾ ਸੰਗਰੂਰ ਨਾਂਅ ਦੇ ਵਿਅਕਤੀ ਦੇ ਪਹਿਚਾਣ ਪੱਤਰ ਮਿਲੇ ਹਨ | ਉਨ੍ਹਾਂ ਦੱਸਿਆ ਕਿ ਫੜ੍ਹੀ ਗਈ ਗੱਡੀ 'ਚੋਂ ਤਿੰਨ ਵੱਖ-ਵੱਖ ਨੰਬਰਾਂ ਵਾਲੀਆਂ ਫ਼ਰਜ਼ੀ ਨੰਬਰ ਪਲੇਟਾਂ ਵੀ ਮਿਲੀਆਂ ਹਨ | ਫ਼ਿਲਹਾਲ ਦੀਨਾਨਗਰ ਪੁਲਿਸ ਨੇ ਗੱਡੀ ਤੇ ਮੱਝਾਂ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ | ਦੂਜੇ ਪਾਸੇ ਇਲਾਕੇ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਰਾਤ ਦੇ ਸਮੇਂ ਖੇਤਰ ਅੰਦਰ ਪੁਲਿਸ ਦੀ ਗਸ਼ਤ ਵਧਾਈ ਜਾਵੇ |