ਡੇਰਾ ਬਾਬਾ ਨਾਨਕ, 24 ਅਪ੍ਰੈਲ (ਹੀਰਾ ਸਿੰਘ ਮਾਂਗਟ)- ਪਿੰਡ ਰੱਤਾ ਵਿਖੇ ਬੀਤੀ ਰਾਤ ਚੋਰਾਂ ਵਲੋਂ 2 ਘਰਾਂ ਨੂੰ ਸੰਨ੍ਹ ਲਾ ਕੇ ਆਪਣੀ ਲੁੱਟ ਦਾ ਨਿਸ਼ਾਨਾ ਬਣਾਇਆ ਗਿਆ ਹੈ, ਜਿਸ ਵਿਚ ਇਕ ਸਾਬਕਾ ਫ਼ੌਜੀ ਦੇ ਘਰੋਂ ਖਿੜਕੀ ਦੀ ਗਰਿੱਲ ਤੋੜ ਕੇ ਸੋਨਾ ਤੇ ਨਗਦੀ ਚੋਰੀ ਕਰ ਕੇ ਫ਼ਰਾਰ ਹੋ ਗਏ | ਇਸ ਸੰਬੰਧੀ ਸਾ. ਸੂਬੇਦਾਰ ਜਸਪਾਲ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਚੋਰਾਂ ਵਲੋਂ ਗੁਆਂਢ ਵਿਚ ਰਹਿੰਦੇ ਐੱਨ.ਆਰ.ਆਈ. ਪਰਿਵਾਰ ਦੇ ਘਰ ਚੋਰਾਂ ਵਲੋਂ ਖਿੜਕੀ ਤੋੜਨ ਦੀ ਕੋਸ਼ਿਸ਼ ਕੀਤੀ ਗਈ ਤੇ ਜਦ ਉਨ੍ਹਾਂ ਦੇ ਪਰਿਵਾਰਕ ਮੈਂਬਰ ਉੱਠੇ ਤਾਂ ਚੋਰ ਉਥੋਂ ਫ਼ਰਾਰ ਹੋ ਗਏ ਤੇ ਕਰੀਬ ਅੱਧੇ ਘੰਟੇ ਬਾਅਦ ਹੀ ਉਨ੍ਹਾਂ ਚੋਰਾਂ ਵਲੋਂ ਸਾਡੇ ਘਰ ਦੀ ਖਿੜਕੀ ਦੀ ਗਰਿੱਲ ਤੋੜ ਕੇ ਅਲਮਾਰੀ ਵਿਚ ਪਏ ਕਰੀਬ 16 ਹਜ਼ਾਰ ਰੁਪਏ ਤੇ ਇਕ ਸੋਨੇ ਦੀ ਮੁੰਦਰੀ ਚੋਰੀ ਕਰ ਲਈ ਗਈ ਤੇ ਫ਼ਰਾਰ ਹੋ ਗਏ | ਉਨ੍ਹਾਂ ਦੱਸਿਆ ਕਿ ਜਦ ਚੋਰ ਸਾਡੇ ਘਰ 'ਚ ਚੋਰੀ ਕਰ ਰਹੇ ਸਨ ਤਾਂ ਮੇਰੀ ਪਤਨੀ ਨੂੰ ਅਚਾਨਕ ਇਸ ਦੀ ਭਿਣਕ ਲੱਗੀ ਤਾਂ ਉਸ ਵਲੋਂ ਮੈਨੂੰ ਜਗਾਇਆ ਗਿਆ ਤਾਂ ਮੈਂ ਆਪਣੀ ਲਾਇਸੰਸੀ ਰਾਇਫ਼ਲ ਕੱਢੀ, ਏਨੇ ਚਿਰ ਨੂੰ ਚੋਰ ਉਥੋਂ ਫ਼ਰਾਰ ਹੋ ਗਏ | ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਅਸੀਂ ਥਾਣਾ ਡੇਰਾ ਬਾਬਾ ਨਾਨਕ ਨੂੰ ਸੂਚਿਤ ਕੀਤਾ ਤੇ ਚੋਰਾਂ ਖਿਲਾਫ਼ ਲਿਖਤੀ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ | ਪੁਲਿਸ ਨੇ ਅੱਜ ਆ ਕੇ ਮੌਕਾ ਦੇਖਿਆ ਹੈ | ਇਸ ਸੰਬੰਧੀ ਜਦ ਥਾਣਾ ਡੇਰਾ ਬਾਬਾ ਨਾਨਕ ਦੇ ਐੱਸ.ਅੱੈਚ.ਓ. ਅਸ਼ੋਕ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਆਸ-ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਨੂੰ ਖੰਘਾਲਿਆ ਜਾ ਰਿਹਾ ਹੈ ਤੇ ਜਲਦੀ ਹੀ ਚੋਰ ਪੁਲਿਸ ਦੀ ਗਿ੍ਫ਼ਤ ਵਿਚ ਹੋਣਗੇ |