ਪਠਾਨਕੋਟ, 24 ਅਪ੍ਰੈਲ (ਵਿਨੋਦ)- ਪਠਾਨਕੋਟ ਪੁਲਿਸ ਵਲੋਂ ਵੱਖ-ਵੱਖ ਛਾਪਿਆਂ ਦੌਰਾਨ ਹੈਰੋਇਨ ਅਤੇ ਨਜਾਇਜ਼ ਸ਼ਰਾਬ ਸਮੇਤ ਪੰਜ ਵਿਅਕਤੀ ਅਤੇ ਇੱਕ ਮਹਿਲਾ ਸਮੇਤ ਛੇ ਲੋਕਾਂ ਨੂੰ ਕਾਬੂ ਕੀਤਾ ਗਿਆ ਹੈ | ਐੱਸ.ਐੱਸ.ਪੀ. ਪਠਾਨਕੋਟ ਦਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਯੁੱਧ ਨਸ਼ੇ ਵਿਰੁੱਧ ਮੁਹਿੰਮ ਤਹਿਤ ਪਠਾਨਕੋਟ ਪੁਲਿਸ ਵੱਲੋਂ ਵੱਖ-ਵੱਖ ਜਗ੍ਹਾ ਛਾਪਾਮਾਰੀ ਕੀਤੀ ਗਈ ਜਿਸ ਦੌਰਾਨ ਨੰਗਲਭੂਰ ਥਾਣਾ ਪੁਲਿਸ ਵੱਲੋਂ ਮਨਦੀਪ ਸਿੰਘ ਪੁੱਤਰ ਪਲਵਿੰਦਰ ਸਿੰਘ ਵਾਸੀ ਸਿਵਲ ਲਾਈਨ ਬਟਾਲਾ ਪਾਸੋਂ 15.23 ਗ੍ਰਾਮ ਹੈਰੋਇਨ ਬਰਾਮਦ ਕਰਕੇ ਉਸ ਨੂੰ ਗਿ੍ਫ਼ਤਾਰ ਕੀਤਾ ਗਿਆ | ਥਾਣਾ ਡਿਵੀਜ਼ਨ ਨੰਬਰ ਇੱਕ ਪੁਲਿਸ ਵੱਲੋਂ ਰਮਨ ਕੁਮਾਰ ਪੁੱਤਰ ਬਚਨ ਲਾਲ ਵਾਸੀ ਲਮੀਨੀ ਪਠਾਨਕੋਟ ਪਾਸੋਂ ਤਿੰਨ ਗ੍ਰਾਮ ਹੈਰੋਇਨ, ਇੱਕ ਮੋਟਰਸਾਈਕਲ ਬਰਾਮਦ ਕਰ ਗਏ ਉਸ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗਿ੍ਫ਼ਤਾਰ ਕੀਤਾ ਗਿਆ, ਥਾਣਾ ਡਿਵੀਜ਼ਨ ਨੰਬਰ ਦੋ ਦੀ ਪੁਲਿਸ ਵੱਲੋਂ ਭਾਰਤ ਕਲਸੀ ਪੁੱਤਰ ਅਨਿਲ ਕਲਸੀ ਵਾਸੀ ਪ੍ਰੀਤ ਨਗਰ ਪਠਾਨਕੋਟ ਪਾਸੋਂ 240 ਪ੍ਰੈਗਾਬਲੀਨ ਕੈਪਸੂਲ ਬਰਾਮਦ ਕਰਕੇ ਉਸ ਨੂੰ ਗਿ੍ਫ਼ਤਾਰ ਕੀਤਾ ਗਿਆ, ਸੁਜਾਨਪੁਰ ਪੁਲਿਸ ਵੱਲੋਂ ਸੰਜੂ ਪੁੱਤਰ ਜਗਦੀਸ਼ ਰਾਜ ਵਾਸੀ ਮਾਧੋਪੁਰ ਕੁਲੀਆਂ ਤੇ ਅਨਿਲ ਕੁਮਾਰ ਪੁੱਤਰ ਮੋਹਨ ਲਾਲ ਵਾਸੀ ਮਿਰਜ਼ਾਪੁਰ ਨੂੰ ਹੈਰੋਇਨ ਦਾ ਸੇਵਨ ਕਰਦੇ ਹੋਏ ਗਿ੍ਫ਼ਤਾਰ ਕੀਤਾ ਗਿਆ ਹੈ, ਸੁਜਾਨਪੁਰ ਪੁਲਿਸ ਵੱਲੋਂ ਹੀ ਰੀਟਾ ਵਾਸੀ ਪ੍ਰੇਮ ਨਗਰ ਸੁਜਾਨਪੁਰ ਕੋਲੋਂ 9 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ ਜਿਸ ਖ਼ਿਲਾਫ਼ ਐਕਸਾਈਜ਼ ਐਕਟਰ ਤਹਿਤ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਅਤੇ ਡੀ.ਜੀ.ਪੀ. ਪੰਜਾਬ ਵੱਲੋਂ ਨਸ਼ਾ ਮੁਕਤ ਪੰਜਾਬ ਬਣਾਉਣ ਲਈ ਛੇੜੀ ਗਈ ਮੁਹਿੰਮ ਤਹਿਤ ਇਹ ਕਾਰਵਾਈ ਅਗਾਂਹ ਤੋਂ ਵੀ ਜਾਰੀ ਰਹੇਗੀ |