ਗੁਰਦਾਸਪੁਰ, 25 ਅਪ੍ਰੈਲ (ਅਸ਼ੋਕ ਸ਼ਰਮਾ)-ਅਮਰੀਕਾ-ਈਰਾਨ ਯੁੱਧ ਤੋਂ ਬਾਅਦ ਮਹਿੰਗਾਈ ਵਿਚ ਕਾਫ਼ੀ ਵਾਧਾ ਦਰਜ ਕੀਤਾ ਹੈ | ਇਸ ਯੁੱਧ ਦੇ ਬਾਅਦ ਹੁਣ ਹਰ ਇਕ ਵਸਤੂ ਪਹਿਲਾਂ ਨਾਲੋਂ ਵਧੇ ਹੋਏ ਰੇਟਾਂ 'ਤੇ ਮਿਲ ਰਹੀ ਹੈ | ਖ਼ਾਸ ਕਰਕੇ ਘਰੇਲੂ ਵਰਤੋਂ ਵਾਲੀਆਂ ਰੋਜ਼ਮਰ੍ਹਾ ਦੀਆਂ ਚੀਜ਼ਾਂ 'ਚ ਦੁਕਾਨਦਾਰਾਂ ਨੇ ਅਥਾਹ ਵਾਧਾ ਕਰ ਦਿੱਤਾ ਹੈ ਪਰ ਇਨ੍ਹਾਂ ਨੂੰ ਕੋਈ ਵੀ ਪੁੱਛਣ ਵਾਲਾ ਨਹੀਂ ਹੈ ਅਤੇ ਇਹ ਕਹਿ ਕੇ ਪੱਲਾ ਝਾੜ ਦਿੱਤਾ ਜਾਂਦਾ ਹੈ ਕਿ ਪਿੱਛੋਂ ਚੀਜ਼ਾਂ ਦੇ ਰੇਟ ਵਧੇ ਹਨ | ਇਸ ਸਬੰਧੀ ਗੱਲਬਾਤ ਕਰਦਿਆਂ ਕੁਝ ਮੱਧ ਵਰਗ ਦੇ ਲੋਕਾਂ ਨੇ ਦੱਸਿਆ ਕਿ ਹਰ ਵਸਤੂ ਦੀ ਕੀਮਤ ਪਹਿਲਾਂ ਨਾਲੋਂ ਵੱਧ ਰੇਟ 'ਤੇ ਮਿਲ ਰਹੀ ਹੈ ਪਰ ਗ਼ਰੀਬ ਵਰਗ ਦੀ ਆਮਦਨ 'ਚ ਕੋਈ ਵਾਧਾ ਨਹੀਂ ਹੋਇਆ ਜਿਸ ਕਰਕੇ ਚੀਜ਼ਾਂ ਖਰੀਦਣੀਆਂ ਆਮ ਆਦਮੀ ਦੀ ਪਹੁੰਚ ਤੋਂ ਦੂਰ ਹੁੰਦੀਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਅਮਰੀਕਾ-ਈਰਾਨ ਯੁੱਧ ਸਮੇਂ ਨਾ ਤਾਂ ਪੈਟਰੋਲ, ਡੀਜ਼ਲ ਦੀਆਂ ਕੀਮਤਾਂ 'ਚ ਕੋਈ ਵਾਧਾ ਹੋਇਆ ਅਤੇ ਨਾ ਹੀ ਘਰੇਲੂ ਗੈਸ ਸਿਲੰਡਰ 'ਚ ਕੋਈ ਵਾਧਾ ਦਰਜ ਕੀਤਾ ਪਰ ਬਾਜ਼ਾਰ ਵਿਚ ਮਿਲਣ ਵਾਲੀ ਵਸਤੂ ਹੁਣ ਪਹਿਲਾਂ ਨਾਲੋਂ ਮਹਿੰਗੇ ਭਾਅ 'ਤੇ ਮਿਲ ਰਹੀ ਹੈ | ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਭਾਜਪਾ ਸਰਕਾਰ ਵਲੋਂ ਜੀ.ਐਸ.ਟੀ1 ਦਰਾਂ 'ਚ ਕਾਫ਼ੀ ਕਟੌਤੀ ਕੀਤੀ ਸੀ ਅਤੇ ਇਸ ਗੱਲ ਦਾ ਸੋਸ਼ਲ ਮੀਡੀਆ 'ਤੇ ਢਿੰਡੋਰਾ ਪਿੱਟਿਆ ਗਿਆ ਸੀ ਪਰ ਇਸ ਦੇ ਬਾਵਜੂਦ ਕਿਸੇ ਵੀ ਵਸਤੂ ਦੀ ਕੀਮਤ ਨਹੀਂ ਘਟੀ | ਉਨ੍ਹਾਂ ਕਿਹਾ ਕਿ ਏ.ਸੀ., ਟੀ.ਵੀ., ਮੋਬਾਈਲ, ਪੈਨ ਡਰਾਈਵ, ਮੈਮਰੀ ਕਾਰਡ, ਕੂਲਰ, ਪੱਖੇ, ਵਾਸ਼ਿੰਗ ਮਸ਼ੀਨ, ਅਲਮਾਰੀਆਂ ਤੋਂ ਇਲਾਵਾ ਆਮ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਰੇਟ ਵੀ ਵੱਧ ਚੁੱਕੇ ਹਨ | ਲੋਕਾਂ ਦਾ ਕਹਿਣਾ ਹੈ ਕਿ ਜਦੋਂ ਤੇਲ ਦੀਆਂ ਕੀਮਤਾਂ ਸਥਿਰ ਹਨ ਤਾਂ ਫਿਰ ਆਮ ਚੀਜ਼ਾਂ ਦੀਆਂ ਕੀਮਤਾਂ 'ਚ ਵਾਧਾ ਕਿਉਂ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਆਮ ਦੁਕਾਨ ਤੋਂ ਮਿਲਣ ਵਾਲੇ ਸਮੋਸੇ ਦਾ ਰੇਟ ਹੁਣ 10 ਰੁਪਏ ਪ੍ਰਤੀ ਸਮੋਸੇ ਤੋਂ ਵਧ ਕੇ 18 ਰੁਪਏ ਪ੍ਰਤੀ ਸਮੋਸਾ ਵੇਚਿਆ ਜਾ ਰਿਹਾ ਹੈ ਜੋ ਸਿੱਧ ਤੌਰ 'ਤੇ ਲੋਕਾਂ ਦੀ ਲੁੱਟ ਹੈ | ਜੇਕਰ ਅਜਿਹੇ ਹਾਲਾਤ ਰਹੇ ਤਾਂ ਗ਼ਰੀਬ ਵਰਗ ਲਈ ਆਉਣ ਵਾਲੇ ਸਮੇਂ 'ਚ ਜੀਵਨ ਬਸਰ ਕਰਨਾ ਹੋਰ ਔਖਾ ਹੋ ਜਾਵੇਗਾ | ਉਨ੍ਹਾਂ ਭਾਜਪਾ ਤੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਵੱਧ ਰੇਟ 'ਤੇ ਵੇਚੀਆਂ ਜਾ ਰਹੀਆਂ ਚੀਜ਼ਾਂ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਕਿ ਇਹ ਕੀਮਤਾਂ ਕਿਸ ਆਧਾਰ 'ਤੇ ਵੱਧ ਰਹੀਆਂ ਹਨ | ਉਨ੍ਹਾਂ ਕਿਹਾ ਕਿ ਜੇਕਰ ਦੁਕਾਨਦਾਰਾਂ ਆਪਣੀ ਮਨਮਰਜ਼ੀ ਨਾਲ ਰੇਟ ਵਧਾ ਰਹੇ ਹਨ ਤਾਂ ਉਨ੍ਹਾਂ ਖ਼ਿਲਾਫ਼ ਸਖਤ ਕਾਰਵਾਈ ਹੋਣੀ ਚਾਹੀਦੀ ਹੈ |