ਗੁਰਦਾਸਪੁਰ, 28 ਅਪ੍ਰੈਲ (ਚੱਕਰਾਜਾ)-ਜੀਆ ਲਾਲ ਮਿੱਤਲ ਡੀ.ਏ.ਵੀ ਪਬਲਿਕ ਸਕੂਲ ਵਿਖੇ ਪੰਡਿਤ ਗੁਰੂ ਦੱਤ ਵਿਦਿਆਰਥੀ ਦਾ ਜਨਮ ਦਿਨ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ | ਇਸ ਮੌਕੇ ਵਿਦਿਆਰਥੀਆਂ ਨੇ ਭਾਸ਼ਣਾਂ, ਭਜਨਾਂ ਤੇ ਸੱਭਿਆਚਾਰਕ ਪੇਸ਼ਕਾਰੀਆਂ ਰਾਹੀਂ ਉਨ੍ਹਾਂ ਦੇ ਜੀਵਨ, ਵਿਦਵਤਾ ਤੇ ਆਦਰਸ਼ਾਂ ਨੂੰ ਉਜਾਗਰ ਕੀਤਾ | ਪ੍ਰੋਗਰਾਮ ਦੌਰਾਨ ਸਕੂਲ ਵਿਚ ਵਿਸ਼ੇਸ਼ ਹਵਨ ਦਾ ਵੀ ਆਯੋਜਨ ਕੀਤਾ ਗਿਆ | ਜਿਸ ਵਿਚ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਵਿਸ਼ਵ ਸ਼ਾਂਤੀ, ਸਮਾਜ ਭਲਾਈ ਅਤੇ ਮਨੁੱਖਤਾ ਦੀ ਤਰੱਕੀ ਲਈ ਭੇਟਾਂ ਚੜ੍ਹਾਈਆਂ | ਸਕੂਲ ਦੇ ਪਿ੍ੰਸੀਪਲ ਰਾਜੀਵ ਭਾਰਤੀ ਨੇ ਸਾਰਿਆਂ ਨੂੰ ਆਪਣੇ ਜਨਮ ਦਿਨ ਦੀਆਂ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਪੰਡਿਤ ਗੁਰੂ ਦੱਤ ਵਿਦਿਆਰਥੀ ਇਕ ਮਹਾਨ ਵਿਦਵਾਨ, ਚਿੰਤਕ ਅਤੇ ਸਮਾਜ ਸੁਧਾਰਕ ਸਨ | ਉਨ੍ਹਾਂ ਨੇ ਆਪਣੇ ਗਿਆਨ, ਤਰਕ ਅਤੇ ਵੈਦਿਕ ਵਿਚਾਰਾਂ ਰਾਹੀਂ ਸਮਾਜ ਨੂੰ ਜਗਾਉਣ ਦਾ ਕੰਮ ਕੀਤਾ | ਉਨ੍ਹਾਂ ਨੇ ਡੀ.ਏ.ਵੀ ਸਕੂਲ ਦਾ ਨਾਮ ਡੀ.ਏ.ਵੀ ਰੱਖਣ ਵਿਚ ਵੀ ਮੁੱਖ ਭੂਮਿਕਾ ਨਿਭਾਈ | ਅੰਤ ਵਿਚ ਉਨ੍ਹਾਂ ਵਿਦਿਆਰਥੀਆਂ ਨੂੰ ਪੰਡਿਤ ਗੁਰੂ ਦੱਤ ਵਿਦਿਆਰਥੀ ਦੇ ਆਦਰਸ਼ਾਂ ਨੂੰ ਅਪਣਾਉਣ, ਆਪਣੇ ਮਾਪਿਆਂ ਤੇ ਅਧਿਆਪਕਾਂ ਦਾ ਸਤਿਕਾਰ ਕਰਨ ਅਤੇ ਸਚਾਈ, ਅਨੁਸ਼ਾਸਨ ਤੇ ਸਖ਼ਤ ਮਿਹਨਤ ਦੇ ਮਾਰਗ 'ਤੇ ਚੱਲ ਕੇ ਆਪਣਾ ਜੀਵਨ ਸਫਲ ਬਣਾਉਣ ਲਈ ਪ੍ਰੇਰਿਤ ਕੀਤਾ |