ਧਾਰੀਵਾਲ, 28 ਅਪ੍ਰੈਲ (ਸਵਰਨ ਸਿੰਘ)-ਬਾਬਾ ਬੰਦਾ ਸਿੰਘ ਬਹਾਦਰ ਪਬਲਿਕ ਸਕੂਲ ਧਾਰੀਵਾਲ ਵਿਖੇ ਡਾਇਰੈਕਟਰ ਅਮਰਜੀਤ ਸਿੰਘ ਚਾਹਲ, ਸਕੱਤਰ ਸ੍ਰੀਮਤੀ ਪਰਮਿੰਦਰ ਕੌਰ ਚਾਹਲ ਅਤੇ ਪਿ੍ੰਸੀਪਲ ਸ੍ਰੀਮਤੀ ਕਿਰਨ ਕੇਸਰ ਦੀ ਯੋਗ ਅਗਵਾਈ ਹੇਠ ਸਕੂਲ ਵਿਖੇ ਇੰਟਰ ਹਾਊਸ ਸਲੋਕ ਪਾਠ ਮੁਕਾਬਲੇ ਕਰਵਾਏ ਗਏ, ਜਿਸ ਵਿਚ ਚਾਰੇ ਹਾਊਸਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਵਧੀਆ ਢੰਗ ਨਾਲ ਸਲੋਕ ਪੇਸ਼ ਕੀਤੇ | ਅਜੀਤ ਹਾਊਸ ਦੇ ਵਿਦਿਆਰਥੀਆਂ ਨੇ ਵੰਦਨਾ ਮੰਤਰ, ਜੁਝਾਰ ਹਾਊਸ ਨੇ ਮਹੱਲਾ 9, ਜੋਰਾਵਰ ਹਾਊਸ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਲੋਕ ਨਾਨਕ ਚਿੰਤਾ ਮਤਿ ਕਰਹੁ ਅਤੇ ਫਤਹਿ ਹਾਊਸ ਨੇ ਗਾਇਤਰੀ ਮੰਤਰ ਪੇਸ਼ ਕੀਤਾ | ਪਿ੍ੰਸੀਪਲ ਸ੍ਰੀਮਤੀ ਕਿਰਨ ਕੇਸਰ ਨੇ ਦੱਸਿਆ ਕਿ ਇਨ੍ਹਾਂ ਸ਼ਲੋਕ ਪਾਠ ਮੁਕਾਬਲਿਆਂ ਵਿਚ ਸ਼ਾਮਲ ਹੋ ਕੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ | ਇਸ ਤਰ੍ਹਾਂ ਦੇ ਕਾਰਜ ਸਾਡੇ ਵਿਦਿਆਰਥੀਆਂ ਦੇ ਚਰਿੱਤਰ ਨਿਰਮਾਣ ਅਤੇ ਆਤਮਿਕ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ | ਸਲੋਕ ਸਿਰਫ ਸ਼ਬਦ ਨਹੀਂ ਹੁੰਦੇ, ਇਹ ਸਾਨੂੰ ਜੀਵਨ ਦੇ ਸਹੀ ਮਾਰਗ ਤੇ ਚਲਣ ਦੀ ਪ੍ਰੇਰਣਾ ਦਿੰਦੇ ਹਨ |