12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਮੰਗਾਂ ਨੂੰ ਲੈ ਕੇ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦੇ ਵਫ਼ਦ ਨੇ ਡਿਪਟੀ ਕਮਿਸ਼ਨਰ ਨਾਲ ਕੀਤੀ ਮੁਲਾਕਾਤ

Ad Position 21
No active advertisement
ਅਜੀਤ ਡੈਸਕ 29-04-2026
ਗੁਰਦਾਸਪੁਰ, 28 ਅਪ੍ਰੈਲ (ਗੁਰਪ੍ਰਤਾਪ ਸਿੰਘ)-ਡੇਰਾ ਬਾਬਾ ਨਾਨਕ ਨਾਲ ਸਬੰਧਿਤ ਇਲਾਕੇ ਵਿਚ ਸਰਕਾਰੀ ਜ਼ਮੀਨਾਂ 'ਤੇ ਕਾਸ਼ਤ ਕਰ ਰਹੇ ਕਿਸਾਨਾਂ ਨੂੰ ਬੀਤੇ ਸੀਜ਼ਨ ਦੌਰਾਨ ਰਾਵੀ ਦਰਿਆ ਵਿਚ ਆਏ ਹੜ੍ਹ ਕਾਰਨ ਨੁਕਸਾਨੀ ਗਈ ਫ਼ਸਲ ਦਾ ਮੁਆਵਜ਼ਾ ਤੁਰੰਤ ਅਦਾ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਅੱਜ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦੇ ਇਕ ਵਫ਼ਦ ਨੇ ਡਿਪਟੀ ਕਮਿਸ਼ਨਰ ਅਦਿੱਤਿਆ ਉੱਪਲ ਨਾਲ ਮੁਲਾਕਾਤ ਕੀਤੀ | ਵਫ਼ਦ ਨੇ ਇਹ ਗੱਲ ਡਿਪਟੀ ਕਮਿਸ਼ਨਰ ਦੇ ਧਿਆਨ ਵਿਚ ਲਿਆਂਦੀ ਕਿ ਪੰਜਾਬ ਵਿਚ ਸਰਕਾਰੀ ਜ਼ਮੀਨਾਂ ਉੱਪਰ ਕਾਸ਼ਤ ਕਰਨ ਵਾਲੇ ਸਮੂਹ ਕਿਸਾਨਾਂ ਦੀ ਹੜ੍ਹਾਂ ਕਾਰਨ ਨੁਕਸਾਨੀਆਂ ਗਈਆਂ ਫ਼ਸਲਾਂ ਦਾ ਮੁਆਵਜ਼ਾ ਅਦਾ ਕਰਨ ਦਾ ਫ਼ੈਸਲਾ ਪੰਜਾਬ ਸਰਕਾਰ ਵਲੋਂ ਕੀਤਾ ਗਿਆ ਸੀ | ਜਿਸ ਸਬੰਧੀ ਬੀਤੀ 24 ਫਰਵਰੀ ਨੂੰ ਬਾਕਾਇਦਾ ਨੋਟੀਫ਼ਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਸੀ | ਪਰ ਪੰਜਾਬ ਸਰਕਾਰ ਦੇ ਜਾਰੀ ਕੀਤੇ ਗਏ ਇਸ ਨੋਟੀਫ਼ਿਕੇਸ਼ਨ ਦੇ ਬਾਵਜੂਦ ਡੇਰਾ ਬਾਬਾ ਨਾਨਕ ਦੇ ਅਧਿਕਾਰੀ ਇਸ ਖੇਤਰ ਨਾਲ ਸੰਬੰਧਿਤ ਸਰਕਾਰੀ ਜ਼ਮੀਨਾਂ ਦੇ ਕਾਸ਼ਤਕਾਰ ਕਿਸਾਨਾਂ ਨੂੰ ਇਹ ਮੁਆਵਜ਼ਾ ਅਦਾ ਕਰਨ ਤੋਂ ਇਨਕਾਰੀ ਹਨ | ਡਿਪਟੀ ਕਮਿਸ਼ਨਰ ਨੇ ਵਫ਼ਦ ਨੂੰ ਪੂਰਾ ਧਿਆਨ ਪੂਰਵਕ ਸੁਣਨ ਤੋਂ ਬਾਅਦ ਆਖਿਆ ਕਿ ਪੰਜਾਬ ਸਰਕਾਰ ਵਲੋਂ ਜਾਰੀ ਨੋਟੀਫ਼ਿਕੇਸ਼ਨ ਵਿਚ ਸਰਕਾਰੀ ਜ਼ਮੀਨਾਂ ਉੱਪਰ ਕਾਸ਼ਤ ਕਰਨ ਵਾਲੇ ਸਮੂਹ ਕਿਸਾਨਾਂ ਨੂੰ ਮੁਆਵਜ਼ਾ ਅਦਾ ਕਰਨ ਦੀ ਬਜਾਏ ਕੁਝ ਖ਼ਾਸ ਕਿਸਮ ਦੇ ਕਾਸ਼ਤਕਾਰਾਂ ਨੂੰ ਹੀ ਮੁਆਵਜ਼ਾ ਅਦਾ ਕਰਨ ਦੀਆਂ ਹਦਾਇਤਾਂ ਜਾਰੀ ਹੋਈਆਂ ਹਨ | ਯੂਨੀਅਨ ਦੇ ਆਗੂਆਂ ਅਨੁਸਾਰ ਡਿਪਟੀ ਕਮਿਸ਼ਨਰ ਗੁਰਦਾਸਪੁਰ ਵਲੋਂ ਇਹ ਮਾਮਲਾ ਸਰਕਾਰ ਦੇ ਧਿਆਨ ਵਿਚ ਲਿਆਉਣ ਲਈ ਚਿੱਠੀ ਲਿਖਣ ਦਾ ਭਰੋਸਾ ਦਿੱਤਾ ਗਿਆ | ਉਪਰੰਤ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਜੇਕਰ ਜਲਦੀ ਹੀ ਸਰਕਾਰੀ ਜ਼ਮੀਨਾਂ ਉੱਪਰ ਕਾਸ਼ਤ ਕਰਨ ਵਾਲੇ ਸਮੂਹ ਕਿਸਾਨਾਂ ਨੂੰ ਹੜ੍ਹਾਂ ਨਾਲ ਨੁਕਸਾਨੀ ਫ਼ਸਲਾਂ ਦਾ ਮੁਆਵਜ਼ਾ ਅਦਾ ਨਾ ਕੀਤਾ ਗਿਆ ਤਾਂ ਜਥੇਬੰਦੀ ਦੂਸਰੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਨਾਲ ਸੰਪਰਕ ਕਰਕੇ ਸੰਘਰਸ਼ ਦਾ ਰਸਤਾ ਅਖ਼ਤਿਆਰ ਕਰੇਗੀ | ਵਫ਼ਦ ਵਿਚ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦੇ ਆਗੂ ਬਲਬੀਰ ਸਿੰਘ ਰੰਧਾਵਾ, ਜੋਗਿੰਦਰ ਸਿੰਘ ਖੰਨਾ ਚਮਾਰਾਂ, ਸਤਬੀਰ ਸਿੰਘ ਖੋਦੇ ਬੇਟ, ਗੁਰਪਿੰਦਰ ਸਿੰਘ ਉੱਚਾ ਧਕਾਲਾ, ਨਵਦੀਪ ਸਿੰਘ ਤੁੰਗ, ਚਮਨ ਮਸੀਹ, ਚਰਨਜੀਤ ਸਿੰਘ ਲੱਖੋਵਾਲ, ਸ਼ਮਸ਼ੇਰ ਸਿੰਘ ਖਾਸਾਵਾਲ, ਨਰਿੰਦਰ ਸਿੰਘ ਤਲਵੰਡੀ ਹਿੰਦੂਆਂ, ਝਿਰਮਲ ਸਿੰਘ ਝੰਗੀ, ਮੁਖਵਿੰਦਰ ਸਿੰਘ, ਹਰਜੀਤ ਸਿੰਘ ਠੇਠਰਕੇ, ਬਿਆਸ ਦੇਵ, ਸੁਖਬੀਰ ਸਿੰਘ ਸ਼ਮਸ਼ੇਰਪੁਰ, ਹਰਪਾਲ ਸਿੰਘ ਭਾਗੋਕਾਵਾਂ, ਜਸਬੀਰ ਸਿੰਘ ਸ਼ੇਖ਼ਾ ਅਤੇ ਸੁਖਦੇਵ ਸਿੰਘ ਲੰਬੜਦਾਰ ਆਦਿ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਸਾਹਿਤ ਕੇਂਦਰ ਵਲੋਂ ਐਨ.ਆਰ.ਆਈ. ਲੇਖਕਾਂ ਨਾਲ ਰੂਬਰੂ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਵਿਧਾਇਕ ਸ਼ੈਰੀ ਕਲਸੀ ਨੇ ਤੱਤਲਾ ਰੋਡ ਤੋਂ ਕੋਹਾੜ ਡੇਰੇ ਗੁਲਜਾਰ ਸਿੰਘ ਤੱਕ ਸੜਕ ਬਣਾਉਣ ਦਾ ਨੀਂਹ ਪੱਥਰ ਰੱਖਿਆ <br/>
Ad Position 24