ਡੇਰਾ ਬਾਬਾ ਨਾਨਕ, 2 ਮਈ (ਹੀਰਾ ਸਿੰਘ ਮਾਂਗਟ)-ਡੇਰਾ ਬਾਬਾ ਨਾਨਕ ਪੁਲਿਸ ਨੂੰ ਅੱਜ ਉਸ ਵੇਲੇ ਵੱਡੀ ਸਫ਼ਲਤਾ ਮਿਲੀ, ਜਦ ਪੁਲਿਸ ਵਲੋਂ ਰਾਵੀ ਦਰਿਆ ਤੋਂ ਪਾਰ ਪਿੰਡ ਘਣੀਏ-ਕੇ-ਬੇਟ ਕਿਸਾਨਾਂ ਦੇ ਟਿਊਬਵੈੱਲਾਂ ਤੋਂ ਮੋਟਰਾਂ ਚੋਰੀ ਕਰ ਕੇ ਲਿਆ ਰਹੇ 2 ਚੋਰਾਂ ਨੂੰ ਮੋਟਰਾਂ ਸਮੇਤ ਕਾਬੂ ਕੀਤਾ ਗਿਆ | ਇਸ ਸਬੰਧੀ ਐੱਸ.ਐੱਚ.ਓ. ਅਸ਼ੋਕ ਕੁਮਾਰ ਨੇ ਦੱਸਿਆ ਕਿ ਇਲਾਕੇ ਦੇ ਕੁਝ ਕਿਸਾਨਾਂ ਵਲੋਂ ਸਾਨੂੰ ਸੂਚਿਤ ਕੀਤਾ ਗਿਆ ਸੀ ਕਿ ਰਾਵੀ ਦਰਿਆ ਤੋਂ ਪਾਰ ਘਣੀਏ-ਕੇ-ਬੇਟ ਸਾਡੇ ਟਿਊਬਵੈੱਲਾਂ ਤੋਂ ਕੁਝ ਚੋਰਾਂ ਵਲੋਂ ਆਏ ਦਿਨ ਮੋਟਰਾਂ ਚੋਰੀ ਕੀਤੀਆਂ ਜਾ ਰਹੀਆਂ ਹਨ, ਜਿਸ ਨੂੰ ਲੈ ਕੇ ਏ.ਐੱਸ.ਆਈ. ਸੁਖਦੇਵ ਸਿੰਘ ਚੌਂਕੀ ਇੰਚਾਰਜ ਧਰਮਕੋਟ ਰੰਧਾਵਾ ਨੇ ਬੀਤੀ ਦੇਰ ਰਾਤ ਧਰਮਕੋਟ ਰੰਧਾਵਾ ਦੇ ਨਜ਼ਦੀਕ ਸਹਿਜਾਦਾ ਮੋੜ 'ਤੇ ਨਾਕਾ ਲਗਾਇਆ ਹੋਇਆ ਸੀ ਤਾਂ ਉਨ੍ਹਾਂ ਨੂੰ ਸ਼ੱਕੀ ਹਾਲਤ ਵਿਚ ਇਕ ਬਿਨਾਂ ਨੰਬਰ ਪਲਟੀਨਾ ਮੋਟਰਸਾਈਕਲ ਆਉਂਦਾ ਦਿਖਾਈ ਦਿੱਤਾ, ਜਿਸ ਉੱਪਰ 2 ਨੌਜਵਾਨ ਸਵਾਰ ਸਨ | ਜਦ ਪੁਲਿਸ ਪਾਰਟੀ ਵਲੋਂ ਇਨ੍ਹਾਂ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਇਨ੍ਹਾਂ ਨੌਜਵਾਨਾਂ ਕੋਲੋਂ 3 ਚੋਰੀ ਦੀਆਂ ਮੋਟਰਾਂ ਬਰਾਮਦ ਹੋਈਆਂ | ਉਨ੍ਹਾਂ ਦੱਸਿਆ ਕਿ ਜਦ ਉਕਤ ਨੌਜਵਾਨਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਮੰਨਿਆ ਕਿ ਉਨ੍ਹਾਂ ਵਲੋਂ ਇਸ ਇਲਾਕੇ ਅੰਦਰੋਂ ਹੋਰ ਵੀ ਮੋਟਰਾਂ ਚੋਰੀ ਕੀਤੀਆਂ ਗਈਆਂ ਹਨ | ਐੱਸ.ਐੱਚ.ਓ. ਅਸ਼ੋਕ ਕੁਮਾਰ ਨੇ ਦੱਸਿਆ ਕਿ ਉਕਤ ਵਿਅਕਤੀ ਇਹ ਮੋਟਰਾਂ ਚੋਰੀ ਕਰ ਕੇ ਅਜਨਾਲਾ ਦੇ ਇਕ ਕਬਾੜੀਏ ਨੂੰ ਵੇਚਦੇ ਸਨ, ਜਿਸ ਵਲੋਂ ਇਨ੍ਹਾਂ ਨੂੰ ਮੋਟਰਾਂ ਦੇ ਬਦਲੇ ਪੈਸੇ ਦਿੱਤੇ ਜਾਂਦੇ ਸਨ | ਐੱਸ.ਐੱਚ.ਓ. ਨੇ ਦੱਸਿਆ ਕਿ ਫੜੇ ਗਏ ਵਿਅਕਤੀਆਂ ਦੀ ਪਹਿਚਾਣ ਅਮਨਦੀਪ ਸਿੰਘ ਉਰਫ਼ ਅਮਨ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਬਰਲਾਲ ਤਹਿਸੀਲ ਅਜਨਾਲਾ ਤੇ ਮਨਦੀਪ ਸਿੰਘ ਉਰਫ਼ ਦੀਪ ਵਾਸੀ ਪਿੰਡ ਸਲਗੜ ਥਾਣਾ ਭਿੰਡੀ ਸੈਦਾਂ ਤਹਿਸੀਲ ਅਜਨਾਲਾ ਵਜੋਂ ਹੋਈ ਹੈ, ਜਿਨ੍ਹਾਂ ਖਿਲਾਫ਼ ਮੁਕੱਦਮਾ ਦਰਜ਼ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਨੂੰ ਅੱਜ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਹੋਰ ਪੁੱਛਗਿਛ ਲਈ ਰਿਮਾਂਡ ਹਾਸਲ ਕੀਤਾ ਜਾਵੇਗਾ |