ਗੁਰਦਾਸਪੁਰ, 3 ਮਈ (ਅਸ਼ੋਕ ਸ਼ਰਮਾ)-ਰਵਾਇਤੀ ਪਾਰਟੀਆਂ ਦੀਆਂ ਗ਼ਲਤ ਨੀਤੀਆਂ ਤੋਂ ਤੰਗ ਆ ਕੇ ਪੰਜਾਬ ਅੰਦਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਵਿਚ 2022 'ਚ ਅਹਿਮ ਰੋਲ ਅਦਾ ਕੀਤਾ ਸੀ | ਪਰ ਪੰਜਾਬ ਸਰਕਾਰ ਨੇ ਆਪਣੇ 4 ਸਾਲ ਦੇ ਕਾਰਜਕਾਲ ਦੌਰਾਨ ਮੁਲਾਜ਼ਮਾਂ ਤੇ ਪੈਨਸ਼ਨਰਜ਼ ਦਾ ਕੋਈ ਵੀ ਮਸਲਾ ਹੱਲ ਨਹੀਂ ਕੀਤਾ | ਮੁਲਾਜ਼ਮਾਂ ਤੇ ਪੈਨਸ਼ਨਰਜ਼ ਆਪਣੇ ਆਪ ਨੰੂ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ | ਜਦੋਂ ਕਿ ਸਰਕਾਰ ਨੇ ਵੋਟਾਂ ਤੋਂ ਪਹਿਲਾਂ ਮੁਲਾਜ਼ਮਾਂ ਤੇ ਪੈਨਸ਼ਨਰਜ਼ ਨਾਲ ਵੱਡੇ-ਵੱਡੇ ਵਾਅਦੇ ਕੀਤੇ ਸਨ ਕਿ ਸਰਕਾਰ ਬਣ ਜਾਣ ਤੋਂ ਬਾਅਦ ਹਰ ਮਸਲੇ ਨੰੂ ਸੰਜੀਦਗੀ ਨਾਲ ਹੱਲ ਕੀਤਾ ਜਾਵੇਗਾ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਪੰਜਾਬ ਦੇ ਸਾਬਕਾ ਮੀਤ ਪ੍ਰਧਾਨ ਤੇ ਪਾਵਰ ਕਾਮ ਟਰਾਂਸਕੋ ਪੈਨਸ਼ਨਰਜ਼ ਯੂਨੀਅਨ ਏਟਕ ਦੇ ਆਗੂ ਕਾਮਰੇਡ ਬਲਵਿੰਦਰ ਸਿੰਘ ਉਦੀਪੁਰ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਆਉਂਦੇ ਹੀ ਮੁਲਾਜ਼ਮਾਂ ਨੰੂ ਮਿਲਦੇ ਭੱਤੇ ਬੰਦ ਕਰ ਦਿੱਤੇ, ਪ੍ਰੀਵੀਜ਼ਨਲ ਪੀਰਡ ਵਿਚ ਵਾਧਾ ਕੀਤਾ, ਸਕੇਲਾਂ ਦਾ ਏਰੀਅਰ ਦੇਣ ਦੀ ਲਮਕ ਅਵਸਥਾ ਪੈਦਾ ਕੀਤੀ ਤੇ ਪੱਕੀ ਭਰਤੀ ਕਰਨ ਦੀ ਥਾਂ 'ਤੇ ਆਊਟਸੋਰਸਿੰਗ ਠੇਕੇਦਾਰੀ ਸਿਸਟਮ ਨੰੂ ਬੜਾਵਾ ਦਿੱਤਾ ਤੇ ਡੀ.ਏ. ਨੰੂ ਕੇਂਦਰ ਨਾਲੋਂ ਡੀ-ਿਲੰਕ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮੁਲਾਜ਼ਮ, ਪੈਨਸ਼ਨਰਜ਼ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ | ਉਨ੍ਹਾਂ ਦੱਸਿਆ ਕਿ ਮੁਲਾਜ਼ਮ ਤੇ ਪੈਨਸ਼ਨਰਜ਼ ਪਿਛਲੇ 4 ਸਾਲ ਤੋਂ ਸਰਕਾਰ ਵਿਰੁੱਧ ਸੰਘਰਸ਼ ਕਰ ਰਹੇ ਹਨ ਤੇ ਸਰਕਾਰ ਕੋਈ ਵੀ ਮਸਲਾ ਹੱਲ ਕਰਨ ਦੀ ਬਜਾਏ ਮੁਲਾਜ਼ਮਾਂ ਦੇ ਸੰਘਰਸ਼ ਕਰਵਾਉਣ ਲਈ ਸਰਗਰਮ ਹੈ | ਉਨ੍ਹਾਂ ਦੱਸਿਆ ਕਿ ਹਾਈ ਕੋਰਟ ਦੇ ਫੈਸਲੇ ਨੰੂ ਲਾਗੂ ਕਰਨ ਦੀ ਬਜਾਏ ਮਜ਼ਦੂਰ ਜਮਾਤ ਦੇ ਪਵਿੱਤਰ ਦਿਹਾੜੇ 'ਤੇ ਹਾਈ ਕੋਰਟ ਵਿਚ ਰਿਵਿਊ ਪਟੀਸ਼ਨ ਪਾ ਕੇ ਮੁਲਾਜ਼ਮਾਂ ਤੇ ਪੈਨਸ਼ਨਰਜ਼ ਦਾ ਡੀ.ਏ. ਰੋਕਣ ਦੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ | ਜਿਸ ਕਰਕੇ ਉਕਤ ਮੁਲਾਜ਼ਮਾਂ ਦਾ ਪੰਜਾਬ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ |