ਗੁਰਦਾਸਪੁਰ, 5 ਮਈ (ਗੁਰਪ੍ਰਤਾਪ ਸਿੰਘ)-ਅੱਜ ਕਿਰਤੀ ਕਿਸਾਨ ਯੂਨੀਅਨ ਦੀ ਜ਼ਿਲ੍ਹਾ ਵਿਸਥਾਰੀ ਮੀਟਿੰਗ ਸ਼ਹੀਦ ਕਾਮਰੇਡ ਅਮਰੀਕ ਸਿੰਘ ਯਾਦਗਾਰ ਹਾਲ ਵਿਖੇ ਜ਼ਿਲ੍ਹਾ ਪ੍ਰਧਾਨ ਤਰਲੋਕ ਸਿੰਘ ਬਹਿਰਾਮਪੁਰ ਦੀ ਪ੍ਰਧਾਨਗੀ ਹੇਠ ਹੋੋਈ | ਮੀਟਿੰਗ 'ਚ ਯੂਨੀਅਨ ਵਲੋਂ ਜ਼ਿਲ੍ਹੇ ਵਿਚ ਮੈਂਬਰਸ਼ਿਪ ਮੁਹਿੰਮ ਚਲਾਉਣ, ਇਕਾਈਆਂ ਚੁਣਨ, 14 ਮਈ ਨੂੰ ਕਲਾਨੌਰ ਵਿਖੇ ਸਰਹਿੰਦ ਫ਼ਤਿਹ ਦਿਵਸ ਮਨਾਉਣ ਤੇ 15 ਮਈ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਚੰਡੀਗੜ੍ਹ ਵਿਖੇ ਭਰਵੀਂ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ ਗਿਆ | ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਸਤਬੀਰ ਸਿੰਘ ਸੁਲਤਾਨੀ ਤੇ ਜ਼ਿਲ੍ਹਾ ਸਕੱਤਰ ਅਨੋਖ ਸਿੰਘ ਘੋੜੇਵਾਹ ਨੇ ਦੱਸਿਆ ਕਿ 15 ਮਈ ਨੂੰ ਚੰਡੀਗੜ੍ਹ ਵਿਖੇ ਸੰਯੁਕਤ ਕਿਸਾਨ ਮੋਰਚੇ ਵਲੋਂ ਬੀ.ਬੀ.ਐਮ.ਬੀ 'ਚੋਂ ਪੰਜਾਬ ਦੀ ਸਥਾਈ ਮੈਂਬਰਸ਼ਿਪ ਨੂੰ ਖ਼ਤਮ ਕਰਨ ਖ਼ਿਲਾਫ਼ ਰੋਸ ਭਰਪੂਰ ਰੈਲੀ ਕਰਨ ਉਪਰੰਤ ਗਵਰਨਰ ਹਾਊਸ ਵੱਲ ਮਾਰਚ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵਲੋਂ ਸੂਬੇ ਦੇ ਅਧਿਕਾਰਾਂ ਉੱਪਰ ਡਾਕਾ ਮਾਰਦਿਆਂ ਬੀ.ਬੀ.ਐਮ.ਬੀ 'ਚੋਂ ਪੰਜਾਬ ਦੀ ਸਥਾਈ ਮੈਂਬਰਸ਼ਿਪ ਨੂੰ ਖਤਮ ਕਰ ਦਿੱਤਾ ਹੈ | ਜਿਸ ਨਾਲ ਪੰਜਾਬ ਦਾ ਪੰਜਾਬ ਦੇ ਪਾਣੀਆਂ ਉੱਪਰ ਅਧਿਕਾਰ ਖਤਮ ਕਰਨ ਦੀ ਕੋਝੀ ਸਾਜ਼ਿਸ਼ ਰਚੀ ਗਈ ਹੈ | ਜਿਸ ਖ਼ਿਲਾਫ਼ ਸਮੁੱਚੇ ਪੰਜਾਬ ਦੇ ਲੋਕਾਂ ਵਿਚ ਭਾਰੀ ਰੋਸ ਹੈ | ਇਸ ਰੋਸ ਨੂੰ ਪ੍ਰਗਟ ਕਰਨ ਤੇ ਪੰਜਾਬ ਦੇ ਪਾਣੀਆਂ ਦੀ ਲੜਾਈ ਲਈ ਸਮੁੱਚੀ ਕਿਸਾਨੀ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ 'ਚ ਸ਼ਾਮਿਲ ਹੋ ਕੇ ਲੜਾਈ ਲੜਨ ਦਾ ਸੱਦਾ ਦਿੱਤਾ ਹੈ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਖ਼ਿਲਾਫ਼ ਲੜਾਈ ਲਈ ਸਿੱਖ ਇਤਿਹਾਸ ਪੇ੍ਰਰਨਾ ਸਰੋਤ ਹੈ | ਅਜਿਹੀ ਹੀ ਪੇ੍ਰਰਨਾਦਾਇਕ ਇਤਿਹਾਸਿਕ ਘਟਨਾ ਬਾਬਾ ਬੰਦਾ ਸਿੰਘ ਬਹਾਦਰ ਵਲੋਂ ਚੱਪੜਚਿੜੀ ਦੀ ਲੜਾਈ ਤੋਂ ਬਾਅਦ ਕੀਤਾ ਗਿਆ 'ਸਰਹਿੰਦ ਫ਼ਤਿਹ ਦਿਵਸ' ਹੈ | ਪੰਜਾਬ ਦੇ ਹੱਕਾਂ ਉੱਪਰ ਇਕ ਵਾਰ ਫਿਰ ਤੋਂ ਔਰੰਗਜ਼ੇਬ ਵਰਗੀ ਫਾਸੀ ਤਾਕਤ ਹਮਲਾ ਵਿੱਢ ਰਹੀ ਹੈ, ਇਸ ਲਈ ਸਰਹਿੰਦ ਫ਼ਤਿਹ ਦਿਵਸ ਤੋਂ ਪੇ੍ਰਰਨਾ ਲੈਂਦੇ ਹੋਏ ਪੰਜਾਬ ਦੇ ਹੱਕਾਂ ਲਈ ਲੜ੍ਹਨ-ਮਰਨ ਦਾ ਅਹਿਦ ਲੈਣ ਲਈ 14 ਮਈ ਨੂੰ ਇਲਾਕਾ ਕਲਾਨੌਰ ਵਿਚ ਵਿਸ਼ਾਲ ਕਿਸਾਨੀ ਕਾਨਫ਼ਰੰਸ ਕੀਤੀ ਜਾਵੇਗੀ | ਆਗੂਆਂ ਨੇ ਜਥੇਬੰਦਕ ਤਾਕਤ ਨੂੰ ਮਜ਼ਬੂਤ ਕਰਨ ਲਈ ਜ਼ਿਲ੍ਹੇ 'ਚ ਮੈਂਬਰਸ਼ਿਪ ਮੁਹਿੰਮ ਦਾ ਆਗਾਜ਼ ਕਰਨ ਤੇ ਇਕਾਈਆਂ ਚੁਣਨ ਦਾ ਐਲਾਨ ਕੀਤਾ ਤੇ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਕਿਰਤੀ ਕਿਸਾਨ ਯੂਨੀਅਨ ਨਾਲ ਜੁੜਨ ਦੀ ਅਪੀਲ ਕੀਤੀ | ਇਸ ਮੌਕੇ ਸਤਨਾਮ ਸਿੰਘ ਮਾਨੇਪੁਰ, ਪਲਵਿੰਦਰ ਸਿੰਘ ਕਿਲ੍ਹਾ ਨੱਥੂ ਸਿੰਘ, ਮਨਜੀਤ ਸਿੰਘ, ਅਜੀਤ ਸਿੰਘ ਮੱਲ੍ਹੀਆਂ, ਸਰੂਪ ਸਿੰਘ ਸੰਘੋਰ, ਜਰਨੈਲ ਸਿੰਘ ਝਬਕਰਾ, ਮਾਸਟਰ ਤਰਸੇਮ ਸਿੰਘ ਸੁਲਤਾਨੀ, ਸੋਮਰਾਜ, ਗੁਰਬਚਨ ਸਿੰਘ, ਅਵਤਾਰ ਸਿੰਘ ਬਰ੍ਹੀਲਾ, ਮਹਿੰਦਰ ਸਿੰਘ ਕਜਲੇ ਆਦਿ ਹਾਜ਼ਰ ਹੋਏ |