ਕਾਹਨੂੰਵਾਨ, 5 ਮਈ (ਨਿਸ਼ਾਨ ਸਿੰਘ ਚਾਹਲ)-ਬਲਾਕ ਕਾਹਨੂੰਵਾਨ ਦੇ ਅਧੀਨ ਪੈਂਦੇ ਪਿੰਡ ਜੰਗਲਾ ਤੇ ਛੌੜੀਆਂ ਬੇਟ ਦੀ ਸਾਂਝੀ ਪੰਚਾਇਤ ਤੇ ਇਨ੍ਹਾਂ ਪਿੰਡਾਂ ਦੇ ਵਾਸੀਆਂ, ਜਿਨਾਂ 'ਚ ਵੱਡੀ ਗਿਣਤੀ 'ਚ ਅÏਰਤਾਂ ਤੇ ਨੇੜਲੇ ਪਿੰਡ ਦਾਰਾਪੁਰ ਦੀ ਸਰਪੰਚ ਵਲੋਂ ਆਪਣੇ ਪਿੰਡ ਦੇ ਗੰਦੇ ਪਾਣੀ ਦਾ ਨਿਕਾਸ ਪਿੰਡ ਜੰਗਲਾ ਕੋਲੋਂ ਲੰਘਦੀ ਸੇਮ ਡਰੇਨ ਵਿਚ ਕਰਨ ਦਾ ਵਿਰੋਧ ਕਰਦੇ ਹੋਏ ਪਿੰਡ ਦਾਰਾਪੁਰ ਦੇ ਸਰਪੰਚ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਕੀਮਤ 'ਤੇ ਪਿੰਡ ਦਾਰਾਪੁਰ ਦੇ ਗੰਦੇ ਪਾਣੀ ਦਾ ਨਿਕਾਸ ਆਪਣੇ ਪਿੰਡ ਕੋਲੋਂ ਲੰਘਦੀ ਸੇਮ ਡਰੇਨ ਵਿਚ ਨਹੀਂ ਕਰਨ ਦੇਣਗੇ | ਅਜਿਹੇ ਵਿਚ ਪਿੰਡ ਦਾਰਾਪੁਰ ਦੀ ਪੰਚਾਇਤ ਅਤੇ ਪਿੰਡ ਜੰਗਲਾ ਤੇ ਛੌੜੀਆਂ ਬੇਟ ਵਾਸੀਆਂ ਵਿਚਕਾਰ ਟਕਰਾਅ ਵਾਲੀ ਸਥਿਤੀ ਬਣੀ ਹੋਈ ਹੈ | ਪਿੰਡ ਜੰਗਲਾ ਦੇ ਸਾਬਕਾ ਸਰਪੰਚ ਰਘਬੀਰ ਸਿੰਘ ਤੇ ਬਿਸ਼ਨ ਦਾਸ ਸਮੇਤ ਸਮੂਹ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦਾਰਾਪੁਰ ਦੀ ਸਰਪੰਚ ਵਲੋਂ ਲੋਕ ਨਿਰਮਾਣ ਤੇ ਡਰੇਨ ਵਿਭਾਗ ਤੋਂ ਬਿਨ੍ਹਾਂ ਮਨਜ਼ੂਰੀ ਲਏ ਗੈਰ ਕਾਨੂੰਨੀ ਢੰਗ ਦੇ ਨਾਲ ਸੜਕ ਦੇ ਕਿਨਾਰੇ ਡੂੰਘਾ ਨਾਲਾ ਪੁੱਟ ਕੇ ਜਿੱਥੇ ਉਨ੍ਹਾਂ ਦੇ ਪਿੰਡ ਨੂੰ ਆਉਂਦੀ ਨਵੀਂ ਬਣੀ ਸੜਕ ਨੂੰ ਨੁਕਸਾਨ ਪਹੁੰਚਾਇਆ ਹੈ, ਉੱਥੇ ਟੋਏ ਵਿਚਲੀ ਮਿੱਟੀ ਸੜਕ ਉੱਪਰ ਸੁੱਟ ਕੇ ਆਵਾਜਾਈ ਨੂੰ ਵੀ ਪ੍ਰਭਾਵਿਤ ਕੀਤਾ ਗਿਆ ਹੈ, ਜਿਸ ਕਾਰਨ ਬੱਸ ਉੱਪਰ ਸਕੂਲ ਆਉਣ-ਜਾਣ ਵਾਲੇ ਬੱਚਿਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪਿੰਡ ਜੰਗਲਾ ਤੇ ਛੌੜੀਆਂ ਬੇਟ ਵਾਸੀਆਂ ਨੇ ਖਦਸਾ ਜਾਹਿਰ ਕੀਤਾ ਹੈ ਕਿ ਨੇੜਲੇ ਪਿੰਡ ਦੇ ਗੰਦੇ ਪਾਣੀ ਦੇ ਕਾਰਨ ਉਨ੍ਹਾਂ ਦੇ ਪਿੰਡ ਵਿਚ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਫ਼ੈਲ ਸਕਦੀਆਂ ਹਨ, ਇਸ ਲਈ ਹਰਗਿਜ ਉਹ ਦੂਸਰੇ ਪਿੰਡ ਦੇ ਪਾਣੀ ਦਾ ਨਿਕਾਸ ਆਪਣੇ ਪਿੰਡ ਦੀ ਸੇਮ ਡਰੇਨ ਵਿਚ ਨਹੀਂ ਹੋਣ ਦੇਣਗੇ | ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਨੇੜਲੇ ਪਿੰਡ ਦਾਰਾਪੁਰ ਦੀ ਸਰਪੰਚ ਦੇ ਨਾਲ ਇਸ ਮਸਲੇ 'ਤੇ ਜਦੋਂ ਗੱਲ ਕੀਤੀ ਤਾਂ ਸਰਪੰਚ ਨੇ ਉਨ੍ਹਾਂ ਦੀ ਇਕ ਨਹੀਂ ਸੁਣੀ, ਸਗੋਂ ਸਰਪੰਚ ਨੇ ਜੰਗਲਾ ਵਾਸੀਆਂ ਦਾ ਪਿੰਡ ਦਾਰਾਪੁਰ ਤੋਂ ਲਾਂਘਾ ਬੰਦ ਕਰਨ ਦੀ ਵੀ ਧਮਕੀ ਦਿੱਤੀ | ਇਸ ਸਬੰਧੀ ਜਦੋਂ ਪਿੰਡ ਦਾਰਾਪੁਰ ਦੀ ਸਰਪੰਚ ਲਿੱਲੀ ਦੇ ਪਤੀ ਸਲਾਮਤ ਮਸੀਹ ਦਾ ਪੱਖ ਜਾਣਿਆਂ ਤਾਂ ਉਨ੍ਹਾਂ ਮੰਨਿਆ ਕਿ ਉਨ੍ਹਾਂ ਦੇ ਕੋਲ ਇਸ ਸਬੰਧੀ ਕਿਸੇ ਵੀ ਵਿਭਾਗ ਦੀ ਮਨਜ਼ੂਰੀ ਨਹੀਂ ਹੈ, ਪਰ ਇਸ ਦੇ ਬਾਵਜੂਦ ਵੀ ਉਹ ਆਪਣੇ ਪਿੰਡ ਦੇ ਗੰਦੇ ਪਾਣੀ ਦਾ ਨਿਕਾਸ ਜੰਗਲਾ ਡਰੇਨ ਵਿਚ ਹੀ ਕਰਨਗੇ, ਕਿਉਂਕਿ ਉਨ੍ਹਾਂ ਦੇ ਪਿੰਡ ਦਾਰਾਪੁਰ ਦਾ ਛੱਪੜ ਉੱਚੇ ਥਾਂ 'ਤੇ ਹੋਣ ਕਾਰਨ ਉਨ੍ਹਾਂ ਦੇ ਪਿੰਡ ਦੇ ਗੰਦੇ ਪਾਣੀ ਦਾ ਬਰਾਬਰ ਨਿਕਾਸ ਨਹੀਂ ਹੋ ਰਿਹਾ | ਇਸ ਮੌਕੇ ਸ਼ਾਮ ਸਿੰਘ ਪੰਚ, ਜੀਵਨ ਕੁਮਾਰ, ਰਾਮ ਸਿੰਘ, ਦੀਪਕ ਕੁਮਾਰ, ਰੂਪ ਲਾਲ, ਕੁਲਜੀਤ ਸਿੰਘ, ਰਜਿੰਦਰ ਸਿੰਘ, ਰਮੇਸ਼ ਸਿੰਘ, ਕੁਲਦੀਪ ਸਿੰਘ ਸਰਪੰਚ ਸੋੜੀਆਂ, ਰਛਪਾਲ ਸਿੰਘ, ਹਰਪ੍ਰੀਤ ਸਿੰਘ ਵੱਡੀ ਗਿਣਤੀ 'ਚ ਪਿੰਡ ਦੀਆਂ ਅÏਰਤਾਂ ਵੀ ਹਾਜ਼ਰ ਸਨ |