ਗੁਰਦਾਸਪੁਰ, 5 ਮਈ (ਚੱਕਰਾਜਾ)-ਪੰਜਾਬ ਸਿੱਖਿਆ ਵਿਭਾਗ ਮਨਿਸਟੀਰੀਅਲ ਸਟਾਫ਼ ਐਸੋਸੀਏਸ਼ਨ ਦੀ ਮੀਟਿੰਗ ਸਕੱਤਰ ਸਕੂਲ ਸਿੱਖਿਆ ਵਿਭਾਗ ਪੰਜਾਬ ਨਾਲ ਸੂਬਾ ਪ੍ਰਧਾਨ ਸਰਬਜੀਤ ਸਿੰਘ ਡਿਗਰਾ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ ਜਥੇਬੰਦੀ ਦੀਆਂ ਅਹਿਮ ਮੰਗਾਂ 'ਤੇ ਗੱਲਬਾਤ ਹੋਈ | ਇਸ ਦੌਰਾਨ ਦੱਸਿਆ ਕਿ ਸੁਪਰਡੈਂਟ ਦੀਆਂ ਤਰੱਕੀਆਂ 1 ਹਫ਼ਤੇ ਵਿਚ ਹੋ ਜਾਣਗੀਆਂ | ਜਿਸ ਵਿਚ 2 ਸੁਪਰਡੈਂਟਾਂ ਦੀ ਤਰੱਕੀ ਇਕ ਬਾਰਡਰ ਤੇ ਇਕ ਨਾਨ ਬਾਰਡਰ ਏਰੀਆ 'ਚ ਹੋ ਰਹੀ ਹੈ | ਉਨ੍ਹਾਂ ਦੱਸਿਆ ਕਿ ਸੁਪਰਡੈਂਟ ਦਾ ਤਜਰਬਾ ਘਟਾਉਣ ਲਈ ਤਜਵੀਜ਼ ਪ੍ਰਸੋਨਲ ਵਿਭਾਗ ਨੂੰ ਭੇਜੀ ਗਈ ਹੈ, ਜਿਸ ਦੀ ਪ੍ਰਵਾਨਗੀ ਉਪਰੰਤ ਹੋਰ ਕਰਮਚਾਰੀ ਸੁਪਰਡੈਂਟ ਵਜੋਂ ਪ੍ਰਮੋਟ ਹੋ ਜਾਣਗੇ | ਉਨ੍ਹਾਂ ਦੱਸਿਆ ਕਿ 8 ਮਈ ਤੱਕ ਜੋ ਸੀਨੀਅਰ ਸਹਾਇਕ ਹਾਜ਼ਰ ਨਹੀਂ ਹੋਣਗੇ 20 ਤਾਰੀਖ ਤੱਕ ਉਨ੍ਹਾਂ ਦਾ ਡਾਟਾ ਇਕੱਠਾ ਕਰਕੇ ਡੀ.ਬਾਰ ਕਰਕੇ ਤੁਰੰਤ ਅਗਲੇ ਕਰਮਚਾਰੀਆਂ ਦੇ ਕੇਸ ਸੀਨੀਅਰ ਸਹਾਇਕ ਦੀ ਤਰੱਕੀ ਲਈ ਵਿਚਾਰੇ ਜਾਣਗੇ | ਇਸ ਮੌਕੇ ਆਗੂਆਂ ਨੇ ਕਲਰਕ ਤੋਂ ਜੂਨੀਅਰ ਸਹਾਇਕ ਦੀ ਪਲੇਸਮੈਂਟ, ਪਰਖ ਸਮੇਂ ਦੌਰਾਨ ਕਲੈਰੀਕਲ ਨੂੰ ਬਦਲੀ ਦੀ ਛੋਟ ਸਬੰਧੀ ਤੇ ਤਰਸ ਦੇ ਅਧਾਰ 'ਤੇ ਨਿਯੁਕਤ ਕਲਰਕਾਂ ਦੇ ਟਾਈਪ ਟੈੱਸਟ ਸਬੰਧੀ ਵੀ ਮੀਟਿੰਗ 'ਚ ਵਿਸਥਾਰਤ ਮੰਗ ਰੱਖੀ ਗਈ | ਇਸ ਤੋਂ ਇਲਾਵਾ ਬਾਕੀ ਰਹਿੰਦੀਆਂ ਮੰਗਾਂ ਸਬੰਧੀ ਜਥੇਬੰਦੀ ਵਲੋਂ ਦਿੱਤੇ ਪੱਤਰ ਉੱਪਰ ਉਨ੍ਹਾਂ ਵਲੋਂ ਜਲਦ ਕਾਰਵਾਈ ਦਾ ਭਰੋਸਾ ਦਿੱਤਾ ਗਿਆ | ਅੰਤ 'ਚ ਸਰਬਜੀਤ ਸਿੰਘ ਡਿਗਰਾ ਵਲੋਂ ਸਕੱਤਰ ਸਕੂਲ ਸਿੱਖਿਆ ਦਾ ਧੰਨਵਾਦ ਕੀਤਾ | ਇਸ ਮੌਕੇ ਪੰਜ ਮੈਂਬਰੀ ਕਮੇਟੀ ਵਿਚ ਉਂਕਾਰ ਸਿੰਘ ਕਪੂਰਥਲਾ, ਰਾਜ ਦੀਪਕ ਗੁਪਤਾ ਪਠਾਨਕੋਟ, ਗੁਰਸ਼ਰਨ ਸਿੰਘ ਪਟਿਆਲਾ, ਵਰਿੰਦਰ ਸ਼ਰਮਾ ਰੋਪੜ, ਨਿਸ਼ਾਨ ਸਿੰਘ ਤਰਨਤਰਨ ਆਦਿ ਹਾਜ਼ਰ ਸਨ |