ਗੁਰਦਾਸਪੁਰ, 5 ਮਈ (ਅਸ਼ੋਕ ਸ਼ਰਮਾ)-ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਿਤ ਪੰਜਾਬ ਨੈਸ਼ਨਲ ਬੈਂਕ ਦੇ ਪੈਨਸ਼ਨ ਧਾਰਕਾਂ ਦੇ ਖਾਤਿਆਂ ਵਿਚ ਪੈਨਸ਼ਨ ਨਾ ਆਉਣ ਕਰਕੇ ਪੈਨਸ਼ਨਰਾਂ 'ਚ ਮਾਯੂਸੀ ਪਾਈ ਜਾ ਰਹੀ ਹੈ ਜਿਸ ਕਰਕੇ ਪੈਨਸ਼ਨ ਧਾਰਕਾਂ ਦਾ ਪੰਜਾਬ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦੇ ਹੋਏ ਪੈਨਸ਼ਨਧਾਰਕਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਹਿਲਾਂ ਪੈਨਸ਼ਨ ਸਮੇਂ ਮੁਤਾਬਿਕ ਖਾਤਿਆਂ 'ਚ ਹਰ ਮਹੀਨੇ ਦੀ 1 ਤਾਰੀਖ਼ ਤੱਕ ਆ ਜਾਂਦੀ ਸੀ | ਪਰ ਇਸ ਵਾਰ 5 ਮਈ ਬੀਤਣ ਦੇ ਬਾਅਦ ਵੀ ਨਹੀਂ ਆਈ | ਖਪਤਕਾਰਾਂ ਨੇ ਦੱਸਿਆ ਕਿ ਹੋਰ ਬੈਂਕਾਂ ਦੇ ਪੈਨਸ਼ਨ ਧਾਰਕਾਂ ਨੂੰ ਪੈਨਸ਼ਨ ਮਿਲ ਚੁੱਕੀ ਹੈ ਤੇ ਸਿਰਫ਼ ਪੰਜਾਬ ਨੈਸ਼ਨਲ ਬੈਂਕ ਦੇ ਦਿਹਾਤੀ ਤੇ ਸ਼ਹਿਰੀ ਖੇਤਰ ਦੇ ਪੈਨਸ਼ਨਧਾਰਕਾਂ ਨੂੰ ਪੈਨਸ਼ਨ ਨਹੀਂ ਮਿਲੀ | ਉਨ੍ਹਾਂ ਦੱਸਿਆ ਕਿ ਸਮੇਂ ਮੁਤਾਬਿਕ ਪੈਨਸ਼ਨ ਨਹੀਂ ਮਿਲਦੀ ਤਾਂ ਉਨਾਂ ਦੇ ਘਰਾਂ ਦਾ ਬਜਟ ਪ੍ਰਭਾਵਿਤ ਹੋ ਜਾਂਦਾ ਹੈ | ਕੁਝ ਪੈਨਸ਼ਨ ਧਾਰਕਾਂ ਨੇ ਦੱਸਿਆ ਕਿ ਉਹ ਪੈਨਸ਼ਨ 'ਤੇ ਨਿਰਭਰ ਹਨ ਅਤੇ ਪੈਨਸ਼ਨ ਤੋਂ ਹੀ ਰੋਜ਼ਮਰ੍ਹਾ ਦੀਆਂ ਦਵਾਈਆਂ ਤੇ ਹੋਰ ਚੀਜ਼ਾਂ ਖ਼ਰੀਦ ਕੇ ਗੁਜ਼ਾਰਾ ਕਰਦੇ ਹਨ | ਪਰ ਇਸ ਮਹੀਨੇ ਪੈਨਸ਼ਨ ਨਾ ਮਿਲਣ ਕਰਕੇ ਉਹ ਕਾਫ਼ੀ ਪੇ੍ਰਸ਼ਾਨ ਹਨ | ਪੈਨਸ਼ਨਧਾਰਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਬੈਂਕਾਂ ਵਿਚੋਂ ਵੀ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਮਿਲ ਰਿਹਾ ਕਿ ਕਦੋਂ ਖਾਤਿਆਂ ਵਿਚ ਪੈਨਸ਼ਨ ਜਮਾਂ ਹੋਵੇਗੀ | ਉਨ੍ਹਾਂ ਦੱਸਿਆ ਕਿ ਬੈਂਕ ਅਧਿਕਾਰੀਆਂ ਵਲੋਂ ਇਕੋ ਹੀ ਜਵਾਬ ਮਿਲ ਰਿਹਾ ਹੈ ਕਿ ਇਹ ਪੈਨਸ਼ਨਰਾਂ ਉੱਪਰਲੇ ਦਫ਼ਤਰੋਂ ਪੈਂਦੀਆਂ ਹਨ, ਜਦੋਂ ਉੱਤੋਂ ਪੈਨਸ਼ਨ ਆਵੇਗੀ ਤਾਂ ਤੁਹਾਡੇ ਖਾਤੇ ਵਿਚ ਜਮਾ ਹੋ ਜਾਵੇਗੀ | ਉਨ੍ਹਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਪੰਜਾਬ ਨੈਸ਼ਨਲ ਬੈਂਕ ਨਾਲ ਸਬੰਧਿਤ ਪੈਨਸ਼ਨਧਾਰਕਾਂ ਦੀ ਪੈਨਸ਼ਨ ਤੁਰੰਤ ਪਾਈ ਜਾਵੇ, ਜਿਸ ਨਾਲ ਉਹ ਆਪਣਾ ਗੁਜ਼ਾਰਾ ਸਹੀ ਤਰੀਕੇ ਨਾਲ ਕਰ ਸਕਣ |