ਪਠਾਨਕੋਟ, 5 ਮਈ (ਸੰਧੂ)-ਸ਼ਹਿਰ ਦੇ ਸਭ ਤੋਂ ਵਿਅਸਤ ਵਪਾਰਕ ਖੇਤਰਾਂ 'ਚੋਂ ਇਕ ਡਲਹੌਜ਼ੀ ਰੋਡ 'ਤੇ ਲੱਗਣ ਵਾਲੇ ਰੋਜ਼ਾਨਾ ਟ੍ਰੈਫਿਕ ਜਾਮ ਤੋਂ ਜਲਦੀ ਹੀ ਲੋਕਾਂ ਨੂੰ ਨਿਜਾਤ ਮਿਲਣ ਦੀ ਉਮੀਦ ਜਾਗੀ ਹੈ | ਪਾਰਕਿੰਗ ਦੀ ਘਾਟ ਕਾਰਨ ਪੈਦਾ ਹੋ ਰਹੀ ਇਸ ਗੰਭੀਰ ਸਮੱਸਿਆ ਨੂੰ ਹੱਲ ਕਰਨ ਲਈ ਪੁਰਾਣੇ ਪਸ਼ੂ ਹਸਪਤਾਲ ਦੀ ਖ਼ਾਲੀ ਜਗ੍ਹਾ ਨੂੰ ਵੱਡੀ ਪਾਰਕਿੰਗ 'ਚ ਤਬਦੀਲ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ | ਇਹ ਉਪਰਾਲਾ ਆਮ ਆਦਮੀ ਪਾਰਟੀ ਦੇ ਵਪਾਰ ਵਿੰਗ ਦੇ ਜ਼ਿਲ੍ਹਾ ਇੰਚਾਰਜ ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਵਿਕਾਸ ਸੈਣੀ ਦੇ ਯਤਨਾਂ ਨਾਲ ਸੰਭਵ ਹੋਇਆ ਹੈ | ਉਨ੍ਹਾਂ ਸਰਕਾਰੀ ਫ਼ੰਡ ਪ੍ਰਾਪਤ ਕਰਕੇ ਪਾਰਕਿੰਗ ਦੀ ਉਸਾਰੀ ਦੀ ਰਸਮੀ ਸ਼ੁਰੂਆਤ ਕਰਵਾਈ | ਸਾਲਾਂ ਤੋਂ ਜਮ੍ਹਾਂ ਕੂੜੇ ਦੇ ਢੇਰਾਂ ਨੂੰ ਹਟਾਉਣ ਦਾ ਕੰਮ ਜੰਗੀ ਪੱਧਰ 'ਤੇ ਕੀਤਾ ਗਿਆ | ਜਿਸ ਦੀ ਨਿਗਰਾਨੀ ਖ਼ੁਦ ਚੇਅਰਮੈਨ ਸੈਣੀ ਵਲੋਂ ਕੀਤੀ ਗਈ | ਇਸ ਮੌਕੇ ਵਪਾਰ ਮੰਡਲ ਦੇ ਪ੍ਰਧਾਨ ਮਨਿੰਦਰ ਸਿੰਘ ਲੱਕੀ ਸਮੇਤ ਹੋਰ ਵਪਾਰੀਆਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਇਸ ਖ਼ਾਲੀ ਅਤੇ ਗੰਦਗੀ ਨਾਲ ਭਰੇ ਖੇਤਰ ਨੂੰ ਪਾਰਕਿੰਗ ਵਿਚ ਤਬਦੀਲ ਕਰਨ ਦੀ ਮੰਗ ਕੀਤੀ ਜਾ ਰਹੀ ਸੀ | ਉਨ੍ਹਾਂ ਕਿਹਾ ਕਿ ਡਲਹੌਜ਼ੀ ਰੋਡ ਮਾਰਕੀਟ ਵਿਚ ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਤੋਂ ਆਉਣ ਵਾਲੇ ਗਾਹਕਾਂ ਨੂੰ ਪਾਰਕਿੰਗ ਦੀ ਘਾਟ ਕਾਰਨ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਜੋ ਹੁਣ ਦੂਰ ਹੋਣਗੀਆਂ | ਵਪਾਰੀਆਂ ਅਨੁਸਾਰ ਇਸ ਨਵੀਂ ਪਾਰਕਿੰਗ ਵਿਚ ਲਗਭਗ 200 ਤੋਂ 250 ਵਾਹਨਾਂ ਲਈ ਜਗ੍ਹਾ ਹੋਵੇਗੀ | ਉਨ੍ਹਾਂ ਇਸ ਨੂੰ ਅਦਾਇਗੀ (ਪੇਡ) ਪਾਰਕਿੰਗ ਬਣਾਉਣ ਦੀ ਵੀ ਸਿਫ਼ਾਰਸ਼ ਕੀਤੀ, ਜਿਸ ਨਾਲ ਸਰਕਾਰ ਅਤੇ ਨਗਰ ਨਿਗਮ ਦੀ ਆਮਦਨ ਵਿਚ ਵਾਧਾ ਹੋਣ ਦੇ ਨਾਲ ਸਹੂਲਤਾਂ ਦੀ ਸੰਭਾਲ ਵੀ ਯਕੀਨੀ ਬਣੇਗੀ | ਵਿਕਾਸ ਸੈਣੀ ਨੇ ਵਪਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਉਨ੍ਹਾਂ ਦੀ ਪਹਿਲੀ ਤਰਜੀਹ ਹੈ | ਉਨ੍ਹਾਂ ਇਹ ਵੀ ਐਲਾਨ ਕੀਤਾ ਕਿ 7 ਮਈ ਨੂੰ ਗਾੜ੍ਹੀ ਅਹਾਤਾ ਚੌਕ ਵਿਖੇ ਵਪਾਰੀਆਂ ਦੀਆਂ ਹੋਰ ਸਮੱਸਿਆਵਾਂ ਦੇ ਹੱਲ ਲਈ ਇਕ ਮਹੱਤਵਪੂਰਨ ਮੀਟਿੰਗ ਕੀਤੀ ਜਾਵੇਗੀ ਅਤੇ ਵੱਧ ਤੋਂ ਵੱਧ ਵਪਾਰੀਆਂ ਨੂੰ ਸ਼ਮੂਲੀਅਤ ਦੀ ਅਪੀਲ ਕੀਤੀ | ਇਸ ਮੌਕੇ ਐਲ.ਆਰ. ਸੋਢੀ, ਐਸ.ਐਸ. ਬਾਵਾ, ਅਨਿਲ ਮਹਾਜਨ, ਚਾਚਾ ਵੇਦ ਮਹਾਜਨ, ਵਿਕਾਸ ਵਿੱਗ, ਪਾਰਸ ਮਹਾਜਨ, ਹਿੰਮਤ ਸਿੰਘ, ਵਿਨੇ ਮਹਾਜਨ, ਅਸ਼ੋਕ ਮਹਾਜਨ, ਰਾਜੇਸ਼ ਕੁਮਾਰ ਬਿੱਟੂ ਅਤੇ ਸੰਜੇ ਨੰਦਾ ਆਦਿ ਮੌਜੂਦ ਸਨ |