ਧਾਰੀਵਾਲ, 8 ਮਈ (ਸਵਰਨ ਸਿੰਘ)-ਸਥਾਨਕ ਸ਼ਹਿਰ ਦੇ ਮੁਹੱਲਾ ਨਵੀਂ ਅਬਾਦੀ ਦੀ ਮੁੱਖ ਗਲੀ 'ਚ ਪਿਛਲੇ ਕਈ ਦਿਨਾਂ ਤੋਂਾ ਗੰਦਾ ਪਾਣੀ ਖੜ੍ਹਾ ਰਹਿਣ ਨਾਲ ਮੁਹੱਲਾ ਵਾਸੀ ਨਰਕ ਦੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ | ਮੁਹੱਲਾ ਨਵੀਂ ਆਬਾਦੀ ਵਾਸੀਆਂ ਨੇ ਦੱਸਿਆ ਕਿ ਗੰਦੇ ਪਾਣੀ ਦਾ ਸਹੀ ਨਿਕਾਸ ਨਾ ਹੋਣ ਕਰਕੇ ਉਹ ਕਈ ਸਾਲਾਂ ਤੋਂ ਇਸ ਪ੍ਰੇਸ਼ਾਨੀ ਨਾਲ ਜੂਝ ਰਹੇ ਹਨ | ਉਨ੍ਹਾਂ ਦੱਸਿਆ ਕਿ ਕਈ ਵਾਰ ਮਾਮਲਾ ਨਗਰ ਕੌਂਸਲ ਦੇ ਧਿਆਨ ਵਿਚ ਵੀ ਲਿਆਂਦਾ, ਪਰ ਕੋਈ ਠੋਸ ਹੱਲ ਨਹੀਂ ਕੀਤਾ ਜਾਂਦਾ ਅਤੇ ਆਰਜ਼ੀ ਤੌਰ 'ਤੇ ਪਾਣੀ ਨੂੰ ਕੱਢ ਕੇ ਮਾਮਲਾ ਟਾਲ ਦਿੱਤਾ ਜਾਂਦਾ ਹੈ | ਉਨ੍ਹਾਂ ਦੁੱਸਿਆ ਕਿ ਗੰਦੇ ਪਾਣੀ ਦੇ ਖੜੇ੍ਹ ਰਹਿਣ ਨਾਲ ਕੀੜੇ ਮਕੌੜੇ, ਮੱਛਰ ਤੇ ਹੋਰ ਘਾਤਕ ਮੱਖੀਆਂ ਆਦਿ ਪੈਦਾ ਹੋ ਰਹੀਆਂ ਹਨ, ਜਿਸ ਨਾਲ ਮਹੱਲਾ ਵਾਸੀਆਂ ਦਾ ਸਰੀਰਕ ਤੌਰ 'ਤੇ ਬਿਮਾਰ ਹੋਣਾ ਆਮ ਜਿਹੀ ਗੱਲ ਹੈ | ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਖੜ੍ਹੇ ਗੰਦੇ ਪਾਣੀ ਦਾ ਨਿਕਾਸ ਕਰਵਾ ਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ |