ਪਠਾਨਕੋਟ, 13 ਮਈ (ਵਿਨੋਦ)-ਪੰਜਾਬ ਰੋਡਵੇਜ਼ ਪਨਬੱਸ ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਦੀ ਮੀਟਿੰਗ ਬੱਸ ਸਟੈਂਡ ਪਠਾਨਕੋਟ ਵਿਚ ਸੂਬਾ ਆਗੂ ਜਗਦੀਸ਼ਵਰ ਚੰਦਰ, ਪ੍ਰਧਾਨ ਜੋਗਿੰਦਰ ਪਾਲ ਲਵਲੀ, ਸੈਕਟਰੀ ਦਿਲਬਾਗ ਸਿੰਘ, ਸਰਪ੍ਰਸਤ ਦਵਿੰਦਰ ਸਿੰਘ ਲਾਲੀ, ਸੀਨੀਅਰ ਮੀਤ ਪ੍ਰਧਾਨ ਕਮਲਜੋਤੀ, ਬਲਬੀਰ ਸਿੰਘ ਪਿੰਕਾ ਅਤੇ ਚੇਅਰਮੈਨ ਪਵਨ ਕੁਮਾਰ ਦੀ ਪ੍ਰਧਾਨਗੀ ਵਿਚ ਕੀਤੀ ਗਈ, ਮੀਟਿੰਗ ਵਿਚ ਦੱਸਿਆ ਗਿਆ ਕਿ ਕੱਚੇ ਮੁਲਾਜ਼ਮਾਂ ਨੂੰ ਸਰਵਿਸ ਰੂਲਾਂ ਤਹਿਤ ਮਹਿਕਮੇ ਵਿਚ ਪੱਕਾ ਕਰਨਾ, ਠੇਕੇਦਾਰ ਨੂੰ ਬਾਹਰ ਕੱਢ ਕੇ ਮੁਲਾਜ਼ਮਾਂ ਨੂੰ ਸਿੱਧਾ ਵਿਭਾਗ ਵਿਚ ਲੈਣਾ, ਪ੍ਰਾਈਵੇਟ ਕਿੱਲੋਮੀਟਰ ਸਕੀਮ ਬੱਸਾਂ ਦਾ ਵਿਰੋਧ, ਕਿੱਲੋਮੀਟਰ ਸਕੀਮ ਬੱਸਾਂ ਦੇ ਵਿਰੋਧ ਦੌਰਾਨ ਵਰਕਰਾਂ ਉੱਪਰ ਨਾਜਾਇਜ਼ ਪਰਚੇ ਰੱਦ ਕਰਕੇ, ਵਰਕਰਾਂ ਦੀ ਰਿਹਾਈ ਅਤੇ ਡਿਊਟੀ 'ਤੇ ਲੈਣ ਸੰਬੰਧੀ, ਮਹਿਕਮੇ ਵਿਚ ਸਰਕਾਰੀ ਬੱਸਾਂ ਦੀ ਗਿਣਤੀ ਵੱਧ ਰਹੀ ਆਬਾਦੀ ਦੇ ਹਿਸਾਬ ਨਾਲ 10000 ਕਰਨਾ ਤਾਂ ਜੋ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾ ਸਕੇ ਅਤੇ ਸਰਕਾਰੀ ਅਦਾਰਿਆਂ ਨੂੰ ਕਾਮਯਾਬ ਕੀਤਾ ਜਾ ਸਕੇ ਅਤੇ ਮਾਣਯੋਗ ਹਾਈਕੋਰਟ ਦਾ ਫ਼ੈਸਲਾ ਬਰਾਬਰ ਕੰਮ, ਬਰਾਬਰ ਤਨਖ਼ਾਹ ਸਾਰੇ ਵਰਕਰਾਂ ਨੂੰ ਦਿੱਤਾ ਜਾਵੇ ਅਤੇ ਡੀਪੂਆਂ ਵਿਚ ਸਪੇਅਰ ਪਾਰਟਸ ਦੀ ਕਮੀ ਨੂੰ ਦੂਰ ਕਰਨਾ ਅਤੇ ਰਿਪੋਰਟਾਂ ਵਾਲੇ ਸਾਥੀਆਂ ਨੂੰ ਮੁੜ ਡਿਊਟੀ 'ਤੇ ਲੈਣ ਆਦਿ ਯੂਨੀਅਨ ਦੀਆਂ ਪ੍ਰਮੁੱਖ ਮੰਗਾਂ ਨੂੰ ਲਾਗੂ ਕਰਵਾਉਣ ਲਈ 15 ਮਈ ਨੂੰ ਮਾਨਯੋਗ ਟਰਾਂਸਪੋਰਟ ਅਤੇ ਖ਼ਜ਼ਾਨਾ ਮੰਤਰੀ ਹਰਪਾਲ ਚੀਮਾ ਨਾਲ ਜਥੇਬੰਦੀ ਦੀ ਪੈਨਲ ਮੀਟਿੰਗ ਫਿਕਸ ਕੀਤੀ ਗਈ ਹੈ | ਯੂਨੀਅਨ ਆਗੂਆਂ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਦੁਆਰਾ ਇਸ ਮੀਟਿੰਗ ਵਿਚ ਸਾਡੀਆਂ ਮੰਗਾਂ ਦਾ ਕੋਈ ਹੱਲ ਨਾ ਕੀਤਾ ਗਿਆ ਤਾਂ ਜਥੇਬੰਦੀ ਵਲੋਂ ਪਹਿਲਾਂ ਉਲੀਕੇ ਪ੍ਰੋਗਰਾਮ ਤਹਿਤ ਗੇਟ ਰੈਲੀਆਂ ਕਰਨ ਉਪਰੰਤ 18 ਮਈ ਨੂੰ ਇਕ ਦਿਨ ਦੀ ਸੰਕੇਤਕ ਹੜਤਾਲ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਜੇਕਰ ਫੇਰ ਵੀ ਸਰਕਾਰ ਵਲੋਂ ਮੰਗਾਂ ਦਾ ਕੋਈ ਹੱਲ ਨਹੀਂ ਕੀਤਾ ਜਾਂਦਾ ਤਾਂ 27 ਮਈ ਤੋਂ 29 ਮਈ ਤੱਕ 3 ਦਿਨਾਂ ਲਈ ਪੰਜਾਬ ਭਰ ਵਿਚ ਪਨਬੱਸ ਪੀ.ਆਰ.ਟੀ.ਸੀ. ਬੱਸਾਂ ਦਾ ਚੱਕਾ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ | ਜਿਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਅਤੇ ਮੈਨੇਜ਼ਮੈਂਟ ਹੋਵੇਗੀ |