ਗੁਰਦਾਸਪੁਰ, 14 ਮਈ (ਚੱਕਰਾਜਾ)-ਜ਼ਿਲ੍ਹਾ ਸਿੱਖਿਆ ਅਫ਼ਸਰ ਪਰਮਜੀਤ ਕੌਰ ਦੇ ਨਿਰਦੇਸ਼ਾਂ ਹੇਠ ਵਿਦਿਆਰਥਣਾਂ ਨੂੰ ਰੱਖਿਆ ਸੇਵਾਵਾਂ 'ਚ ਕੈਰੀਅਰ ਬਣਾਉਣ ਲਈ ਪ੍ਰੇਰਿਤ ਕਰਨ ਵਾਸਤੇ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ | ਇਸ ਸਬੰਧੀ ਜ਼ਿਲ੍ਹਾ ਗਾਈਡੈਂਸ ਕੌਂਸਲਰ ਮੁਕੇਸ਼ ਵਰਮਾ ਨੇ ਦੱਸਿਆ ਕਿ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਫ਼ਾਰ ਗਰਲਜ਼ ਸੈਕਟਰ-66, ਮੋਹਾਲੀ ਵਲੋਂ ਐੱਨ.ਡੀ.ਏ. ਰਾਹੀਂ ਭਾਰਤੀ ਆਰਮਡ ਫੋਰਸਿਜ਼ ਵਿਚ ਸ਼ਾਮਿਲ ਹੋਣ ਦੀ ਇੱਛਾ ਰੱਖਣ ਵਾਲੀਆਂ ਲੜਕੀਆਂ ਲਈ 90 ਦਿਨਾਂ ਦਾ ਵਿਸ਼ੇਸ਼ ਕੋਚਿੰਗ ਕੈਂਪ ਸ਼ੁਰੂ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸਿੱਖਿਆ ਅਫਸਰ ਵਲੋਂ ਹਮੇਸ਼ਾ ਵਿਦਿਆਰਥੀਆਂ, ਖ਼ਾਸ ਕਰਕੇ ਲੜਕੀਆਂ ਨੂੰ ਉੱਚੇ ਟੀਚੇ ਹਾਸਲ ਕਰਨ ਤੇ ਰਾਸ਼ਟਰੀ ਪੱਧਰ ਦੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ | ਉਨ੍ਹਾਂ ਦੀ ਪੇ੍ਰਰਨਾ ਤੇ ਮਾਰਗ ਦਰਸ਼ਨ ਸਦਕਾ ਜ਼ਿਲ੍ਹੇ ਦੇ ਵਿਦਿਆਰਥੀਆਂ ਨੂੰ ਨਵੀਆਂ ਉਡਾਣਾਂ ਭਰਨ ਦੇ ਮੌਕੇ ਮਿਲ ਰਹੇ ਹਨ | ਉਨ੍ਹਾਂ ਦੱਸਿਆ ਕਿ ਜਿਨ੍ਹਾਂ ਲੜਕੀਆਂ ਨੇ ਇਸ ਸਾਲ ਬਾਰ੍ਹਵੀਂ ਕਲਾਸ ਪਾਸ ਕੀਤੀ ਹੈ, ਉਹ ਇਸ ਕੋਚਿੰਗ ਕੈਂਪ ਲਈ ਰਜਿਸਟ੍ਰੇਸ਼ਨ ਕਰਵਾ ਸਕਦੀਆਂ ਹਨ | ਇਸ ਵਿਚ ਕੇਵਲ 20 ਸੀਟਾਂ ਉਪਲਬਧ ਹਨ ਅਤੇ ਕੋਚਿੰਗ ਕੈਂਪ ਦੀ ਮਿਆਦ 1 ਜੂਨ ਤੋਂ 31 ਅਗਸਤ 2026 ਤੱਕ ਹੋਵੇਗੀ | ਸੰਸਥਾ ਵਲੋਂ ਐਨ.ਡੀ.ਏ ਦੀ ਲਿਖਤੀ ਪ੍ਰੀਖਿਆ ਲਈ ਉੱਚ ਪੱਧਰੀ ਕੋਚਿੰਗ ਦੇ ਨਾਲ-ਨਾਲ 90 ਦਿਨਾਂ ਲਈ ਰਿਹਾਇਸ਼ ਸੁਵਿਧਾ ਵੀ ਮੁਹੱਈਆ ਕਰਵਾਈ ਜਾਵੇਗੀ | ਉਨ੍ਹਾਂ ਕਿਹਾ ਕਿ ਐਨ.ਡੀ.ਏ ਦਾ ਗਣਿਤ ਦਾ ਜੇ.ਈ.ਈ.ਮੇਨਸ ਦੇ ਪੱਧਰ ਦਾ ਹੁੰਦਾ ਹੈ, ਇਸ ਲਈ ਪੀ.ਸੀ.ਐੱਮ. ਵਿਸ਼ਿਆਂ 'ਚ ਵਧੀਆ ਪ੍ਰਦਰਸ਼ਨ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਇਸ ਸੁਨਹਿਰੇ ਮੌਕੇ ਦਾ ਲਾਭ ਲੈਣਾ ਚਾਹੀਦਾ ਹੈ | ਉਨ੍ਹਾਂ ਸਕੂਲ ਮੁਖੀਆਂ, ਅਧਿਆਪਕਾਂ ਤੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਹੋਣਹਾਰ ਲੜਕੀਆਂ ਨੂੰ ਵੱਧ ਤੋਂ ਵੱਧ ਪ੍ਰੇਰਿਤ ਕਰਨ | ਰਜਿਸਟ੍ਰੇਸ਼ਨ ਲਈ ਉਮੀਦਵਾਰ ਮਾਈ ਭਾਗੋ ਵੈੱਬਸਾਈਟ 'ਤੇ ਭਰ ਸਕਦੀਆਂ ਹਨ | 20 ਉਮੀਦਵਾਰਾਂ ਦੀ ਚੋਣ ਲਈ 24 ਮਈ ਨੂੰ ਮਾਈ ਭਾਗੋ ਏ.ਐਫ.ਪੀ.ਆਈ ਸੰਸਥਾ ਵਿਖੇ ਦਾਖ਼ਲਾ ਟੈੱਸਟ ਕਰਵਾਇਆ ਜਾਵੇਗਾ | ਐਨ.ਡੀ.ਏ-2 ਦੀ ਲਿਖਤੀ ਪ੍ਰੀਖਿਆ 13 ਸਤੰਬਰ ਨੂੰ ਹੋਵੇਗੀ, ਜਿਸ ਸਬੰਧੀ ਨੋਟੀਫ਼ਿਕੇਸ਼ਨ ਅਤੇ ਫਾਰਮ ਭਰਨ ਦੀ ਮਿਤੀ ਜਲਦ ਜਾਰੀ ਕੀਤੀ ਜਾਵੇਗੀ | ਉਮੀਦਵਾਰ ਸੰਸਥਾ ਦੀ ਈਮੇਲ, ਵਟਸਐਪ ਨੰਬਰ 98725-97267 ਜਾਂ ਲੈਂਡ ਲਾਈਨ ਨੰਬਰ 0172-2233105 'ਤੇ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸੰਪਰਕ ਕਰ ਸਕਦੇ ਹਨ |