ਘਰੋਟਾ, 14 ਮਈ (ਸੰਜੀਵ ਗੁਪਤਾ)-ਪੀ.ਐਮ. ਸ੍ਰੀ ਜਵਾਹਰ ਨਵੋਦਿਆ ਵਿਦਿਆਲੇ ਨਾਜੋਚੱਕ ਵਿਖੇ ਕਰਵਾਏ ਗਏ ਰਾਜ ਪੱਧਰੀ ਖੋ-ਖੋ ਮੁਕਾਬਲੇ (ਲੜਕੀਆਂ) ਸਫਲਤਾ ਪੂਰਵਕ ਸੰਪੰਨ ਹੋ ਗਏ | ਇਸ ਮੁਕਾਬਲੇ ਵਿਚ ਵੱਖ-ਵੱਖ ਜ਼ਿਲਿ੍ਹਆਂ ਅਤੇ ਸਕੂਲਾਂ ਤੋਂ ਆਈਆਂ ਟੀਮਾਂ ਨੇ ਸ਼ਾਨਦਾਰ ਖੇਡ ਪ੍ਰਦਰਸ਼ਨ, ਅਨੁਸ਼ਾਸਨ ਅਤੇ ਖੇਡ ਭਾਵਨਾ ਦਾ ਪ੍ਰਗਟਾਵਾ ਕੀਤਾ | ਖਿਡਾਰਨਾਂ ਨੇ ਆਪਣੇ ਬਿਹਤਰੀਨ ਖੇਡ ਕੌਸ਼ਲ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ | ਫਾਈਨਲ ਮੁਕਾਬਲਿਆਂ ਦੌਰਾਨ ਅੰਡਰ-19 ਵਰਗ ਵਿਚ ਹਿਮਾਚਲ ਪ੍ਰਦੇਸ਼ ਦੀ ਟੀਮ ਜੇਤੂ ਰਹੀ ਜਦਕਿ ਪੰਜਾਬ-2 ਦੀ ਟੀਮ ਉਪ-ਜੇਤੂ ਰਹੀ | ਅੰਡਰ-17 ਵਰਗ ਵਿਚ ਜੰਮੂ-2 ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਹਿਮਾਚਲ ਪ੍ਰਦੇਸ਼ ਦੀ ਟੀਮ ਦੂਜੇ ਸਥਾਨ 'ਤੇ ਰਹੀ | ਇਸੇ ਤਰ੍ਹਾਂ ਅੰਡਰ-14 ਵਰਗ ਵਿਚ ਜੰਮੂ-2 ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਜਦਕਿ ਪੰਜਾਬ-2 ਦੀ ਟੀਮ ਉਪ-ਜੇਤੂ ਰਹੀ | ਸਮਾਪਨ ਸਮਾਗਮ ਦੌਰਾਨ ਸਕੂਲ ਦੇ ਪਿ੍ੰਸੀਪਲ ਡਾ: ਸੰਦੀਪ ਕੁਮਾਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਉਨ੍ਹਾਂ ਜੇਤੂ ਅਤੇ ਉਪ-ਜੇਤੂ ਟੀਮਾਂ ਨੂੰ ਟਰਾਫ਼ੀਆਂ, ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ | ਆਪਣੇ ਸੰਬੋਧਨ ਵਿਚ ਉਨ੍ਹਾਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਰਵਉੱਚ ਵਿਕਾਸ ਲਈ ਬਹੁਤ ਜ਼ਰੂਰੀ ਹਨ | ਖੇਡਾਂ ਰਾਹੀਂ ਅਨੁਸ਼ਾਸਨ, ਆਤਮ ਵਿਸ਼ਵਾਸ, ਨੇਤਿ੍ਤਵ ਸਮਰੱਥਾ ਅਤੇ ਟੀਮ ਭਾਵਨਾ ਦਾ ਵਿਕਾਸ ਹੁੰਦਾ ਹੈ | ਇਸ ਮੌਕੇ ਸਕੂਲ ਸਟਾਫ਼, ਕੋਚਾਂ, ਨਿਰਣਾਇਕਾਂ ਅਤੇ ਵਿਦਿਆਰਥੀਆਂ ਦੀ ਭਰਪੂਰ ਹਾਜ਼ਰੀ ਰਹੀ | ਸੱਭਿਆਚਾਰਕ ਪ੍ਰੋਗਰਾਮਾਂ ਨੇ ਸਮਾਗਮ ਨੂੰ ਹੋਰ ਵੀ ਰੰਗਾਰੰਗ ਬਣਾ ਦਿੱਤਾ | ਆਯੋਜਕ ਕਮੇਟੀ ਵਲੋਂ ਸਾਰੇ ਮਹਿਮਾਨਾਂ, ਖਿਡਾਰਨਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ | ਅੰਤ ਵਿਚ ਰਾਸ਼ਟਰੀ ਗੀਤ ਨਾਲ ਸਮਾਗਮ ਦਾ ਸਮਾਪਨ ਹੋਇਆ |