ਬਟਾਲਾ, 20 ਮਈ (ਸਤਿੰਦਰ ਸਿੰਘ)-ਨਗਰ ਨਿਗਮ ਬਟਾਲਾ ਚੋਣਾਂ 'ਚ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਤੇ ਵਿਧਾਇਕ ਸ਼ੈਰੀ ਕਲਸੀ ਦੀ ਚੋਣ ਰਣਨੀਤੀ ਨੇ ਵਿਰੋਧੀ ਪਾਰਟੀਆਂ 'ਚ ਤਗੜੀ ਸੰਨ੍ਹ ਲਾਈ ਹੈ ਅਤੇ ਭਾਜਪਾ, ਕਾਂਗਰਸ ਸਮੇਤ ਅਕਾਲੀ ਦਲ ਦੇੇ ਆਗੂਆਂ ਵਲੋਂ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ਦਾ ਸਿਲਸਿਲਾ ਦਿਨੋਂ-ਦਿਨ ਅੱਗੇ ਵਧ ਰਿਹਾ ਹੈ | ਅੱਜ ਵਿਧਾਇਕ ਸ਼ੈਰੀ ਕਲਸੀ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ, 2 ਵਾਰ ਜ਼ਿਲ੍ਹਾ ਪ੍ਰਧਾਨ, ਕੌਂਸਲਰ, ਪੰਚ-ਸਰਪੰਚ, ਬਲਾਕ ਸੰਮਤੀ ਸਮੇਤ ਵੱਖ-ਵੱਖ ਅਹੁਦਿਆਂ 'ਤੇ ਰਹੇ ਪਲਵਿੰਦਰ ਸਿੰਘ ਲੰਬੜਦਾਰ ਦਾ ਆਪਣੇ ਸਾਥੀਆਂ ਨਾਲ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ 'ਤੇ ਭਰਵਾਂ ਤੇ ਸ਼ਾਨਦਾਰ ਸਵਾਗਤ ਕੀਤਾ ਗਿਆ | ਇਸ ਮੌਕੇ ਅਕਾਲੀ ਦਲ ਦੇ ਸੀਨੀਅਰ ਆਗੂ ਦਾ 'ਆਪ' 'ਚ ਸ਼ਾਮਲ ਹੋਣ 'ਤੇ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਇਨ੍ਹਾਂ ਦੇ 'ਆਪ' ਵਿਚ ਆਉਣ 'ਤੇ ਨਾ ਕੇਵਲ ਬਟਾਲਾ, ਬਲਕਿ ਪੂਰੇ ਜ਼ਿਲ੍ਹੇ ਵਿਚ ਵੱਡਾ ਬੱਲ ਮਿਲਿਆ ਹੈ ਤੇ ਨਗਰ ਨਿਗਮ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਉੁਮੀਦਵਾਰਾਂ ਦੀ ਜਿੱਤ ਵਿਚ ਇਨ੍ਹਾਂ ਦਾ ਅਹਿਮ ਰੋਲ ਹੋਵੇਗਾ | ਉਨ੍ਹਾਂ 'ਆਪ' ਪਾਰਟੀ ਦੀ ਹਾਈਕਮਾਂਡ ਦੀ ਤਰਫ਼ੋਂ ਸੀਨੀਅਰ ਅਕਾਲੀ ਆਗੂ ਲੰਬੜਦਾਰ ਦਾ ਸਵਾਗਤ ਕਰਦਿਆਂ ਕਿਹਾ ਕਿ ਜਲਦ ਇਨ੍ਹਾਂ ਨੂੰ ਪਾਰਟੀ ਵਲੋਂ ਵੱਡੀ ਜ਼ਿੰਮੇਵਾਰੀ ਦੇ ਕੇ ਨਿਵਾਜਿਆ ਜਾਵੇਗਾ | ਇਸ ਮੌਕੇ ਪਲਵਿੰਦਰ ਸਿੰਘ ਲੰਬੜਦਾਰ ਨੇ ਕਿਹਾ ਕਿ ਵਿਧਾਇਕ ਸ਼ੈਰੀ ਕਲਸੀ ਦੇ ਪਿਆਰ, ਸਹਿਯੋਗ, ਮਿਲਵਰਤਨ ਅਤੇ ਬਟਾਲਾ ਸ਼ਹਿਰ ਅੰਦਰ ਪਾਰਦਰਸ਼ੀ ਢੰਗ ਨਾਲ ਕਰਵਾਏ ਵਿਕਾਸ ਕਾਰਜਾਂ ਨੂੰ ਵੇਖਦਿਆਂ ਆਮ ਲੋਕਾਂ ਦੀ ਪਾਰਟੀ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਹਨ | ਉਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ 'ਤੇ ਰੋਕ ਲਾਉਣ ਲਈ ਪੰਜਾਬ ਸਰਕਾਰ ਦੁਆਰਾ ਬਣਾਏ ਗਏ ਸਖਤ ਕਾਨੂੰਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਕੋਲੋਂ ਪ੍ਰਮਾਤਮਾ ਨੇ ਇਹ ਵੱਡੀ ਸੇਵਾ ਆਪ ਲਈ ਹੈ, ਜਿਸ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ |