ਗੁਰਦਾਸਪੁਰ, 20 ਮਈ (ਅਸ਼ੋਕ ਸ਼ਰਮਾ)-ਵਿਧਾਨ ਸਭਾ ਹਲਕਾ ਦੀਨਾਨਗਰ ਦੇ ਇੰਚਾਰਜ ਤੇ ਸ਼ੋ੍ਰਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਪੰਜਾਬ ਕਮਲਜੀਤ ਚਾਵਲਾ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਗੁਰਦਾਸਪੁਰ ਨਜ਼ਦੀਕ ਲੀਚੀ ਤੇ ਅੰਬਾਂ ਦੇ ਬਾਗ਼ ਹਨ | ਪਰ ਸਮੇਂ ਸਿਰ ਬਿਜਲੀ ਸਪਲਾਈ ਨਾ ਆਉਣ ਦੇ ਚੱਲਦਿਆਂ ਨਹਿਰੀ ਪਾਣੀ ਵੀ ਇਨ੍ਹਾਂ ਫਲਾਂ ਦੇ ਬੂਟਿਆਂ ਨੰੂ ਨਹੀਂ ਮਿਲ ਰਿਹਾ | ਜਿਸ ਕਾਰਨ ਬਾਗ਼ਾਂ ਦੇ ਮਾਲਕਾਂ ਦਾ ਕਾਫ਼ੀ ਨੁਕਸਾਨ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਮਗਜੇ ਮਾਰ ਰਹੀ ਹੈ ਕਿ ਕਿਸਾਨਾਂ ਨੰੂ ਸਵੇਰੇ ਤੋਂ ਸ਼ਾਮ ਤੱਕ 8 ਘੰਟੇ ਬਿਜਲੀ ਸਮੇਤ ਨਹਿਰੀ ਪਾਣੀ ਮੁਹੱਈਆ ਕਰਵਾਇਆ ਜਾਵੇਗਾ | ਪਰ ਇਹ ਸਭ ਹਕੀਕਤ ਤੋਂ ਕੋਹਾਂ ਦੂਰ ਹੈ | ਜਿਸ ਕਾਰਨ ਕਿਸਾਨਾਂ 'ਚ ਨਿਰਾਸ਼ਾ ਹੈ | ਜਦੋਂ ਕਿ ਸਰਕਾਰ ਵਲੋਂ ਕਿਸਾਨਾਂ ਨੰੂ ਸਿਰਫ਼ ਕੁਝ ਘੰਟੇ ਹੀ ਥ੍ਰੀ ਫ਼ੇਜ਼ ਬਿਜਲੀ ਦਿੱਤੀ ਜਾ ਰਹੀ ਹੈ ਜੋ ਘੱਟ ਹੋਣ ਕਰਕੇ ਖੇਤਾਂ 'ਚ ਫ਼ਸਲਾਂ ਨੰੂ ਵੀ ਪਾਣੀ ਨਹੀਂ ਮਿਲ ਰਿਹਾ ਤੇ ਫਸਲਾਂ ਸੁੱਕ ਰਹੀਆਂ ਹਨ | ਹੋਰ ਤੇ ਹੋਰ ਨਹਿਰੀ ਰਜਵਾਹਿਆਂ ਦੀ ਸਫ਼ਾਈ ਸਬੰਧਿਤ ਵਿਭਾਗ ਵਲੋਂ ਅਜੇ ਤੱਕ ਨਹੀਂ ਕਰਵਾਈ ਗਈ | ਜਿਸ ਕਾਰਨ ਰਜਵਾਹਿਆਂ 'ਚ ਜੜੀ ਬੂਟੀ ਤੇ ਘਾਹ ਦੀ ਭਰਮਾਰ ਦੇਖੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਨਹਿਰੀ ਪਾਣੀ ਛੱਡਣ ਦੀ ਮਹਿਕਮੇ ਵਲੋਂ ਸਾਰਨੀ ਵੀ ਜਾਰੀ ਕੀਤੀ ਹੈ, ਉਸ ਮੁਤਾਬਿਕ ਵੀ ਕਿਸਾਨਾਂ ਨੰੂ ਪਾਣੀ ਨਹੀਂ ਮਿਲ ਰਿਹਾ | ਜਿਸ ਕਾਰਨ ਅਤਿ ਦੀ ਗਰਮੀ 'ਚ ਬੂਟੇ ਆਦਿ ਸੁੱਕ ਰਹੇ ਹਨ | ਦੂਜੇ ਪਾਸੇ ਬਾਗ਼ਾਂ ਦੇ ਮਾਲਕਾਂ ਦਾ ਖਰਚਾ ਪੂਰਾ ਨਾ ਹੋਣ ਕਾਰਨ ਉਨ੍ਹਾਂ ਨੰੂ ਨੁਕਸਾਨ ਝੱਲਣਾ ਪੈ ਸਕਦਾ ਹੈ | ਉਨ੍ਹਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਬਿਜਲੀ ਸਮੱਸਿਆ ਨੰੂ ਮੁੱਖ ਰੱਖਦੇ ਹੋਏ ਬਿਜਲੀ ਸਪਲਾਈ ਨਿਰੰਤਰ 10 ਘੰਟੇ ਦਿੱਤੀ ਜਾਵੇ, ਜਿਸ ਨਾਲ ਬਾਗ਼ ਮਾਲਕਾਂ ਦਾ ਨੁਕਸਾਨ ਨਾ ਹੋਵੇ |