ਕਾਹਨੂੰਵਾਨ, 20 ਮਈ (ਨਿਸ਼ਾਨ ਸਿੰਘ ਚਾਹਲ)-ਆਲ ਇੰਡੀਆ ਆਰਗੇਨਾਈਜੇਸ਼ਨ ਆਫ਼ ਕੈਮਿਸਟ ਐਂਡ ਡਰੱਗਿਸਟ ਐਸੋਸੀਏਸ਼ਨ ਵਲੋਂ ਦਵਾਈਆਂ ਦੀ ਆਨਲਾਈਨ ਵਿਕਰੀ ਦੇ ਵਿਰੋਧ ਵਿਚ ਦਵਾਈਆਂ ਦੀਆਂ ਦੁਕਾਨਾਂ ਬੰਦ ਰੱਖਣ ਦੇ ਦਿੱਤੇ ਗਏ ਸੱਦੇ ਤਹਿਤ ਅੱਜ ਕਾਹਨੂੰਵਾਨ ਅਤੇ ਇਸ ਦੇ ਨਾਲ ਲਗਦੇ ਕਸਬੇ ਚੱਕ ਸਰੀਫ ਤੇ ਅੱਡਾ ਸਠਿਆਲੀ ਉਪਰ ਸਥਿਤ ਦਵਾਈਆਂ ਦੀਆਂ ਦੁਕਾਨਾਂ ਬੰਦ ਰਹੀਆਂ | ਕੈਮਿਸਟਾਂ ਦਾ ਕਹਿਣਾ ਹੈ ਕਿ ਬਹੁਤ ਸਾਰੀਆਂ ਦਵਾਈਆਂ ਦੀ ਵਿਕਰੀ ਉੱਪਰ ਕੇਂਦਰ ਤੇ ਪੰਜਾਬ ਸਰਕਾਰ ਵਲੋਂ ਪਾਬੰਦੀ ਲਗਾਈ ਗਈ ਹੈ, ਪਰ ਆਨਲਾਈਨ ਵਿਧੀ ਦੇ ਰਾਹੀਂ ਇਹ ਦਵਾਈਆਂ ਲੋਕਾਂ ਦੇ ਘਰਾਂ ਤੱਕ ਆਸਾਨੀ ਨਾਲ ਪੁੱਜ ਜਾਂਦੀਆਂ ਹਨ, ਪਰ ਬਦਨਾਮ ਕੈਮਿਸਟ ਹੋ ਰਹੇ ਹਨ | ਇਲਾਕੇ ਅੰਦਰ ਦਵਾਈਆਂ ਦੀਆਂ ਦੁਕਾਨ੍ਹਾਂ ਬੰਦ ਰਹਿਣ ਕਾਰਨ ਦਵਾਈ ਲੈਣ ਆਏ ਮਰੀਜ਼ਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ | ਕੈਮਿਸਟ ਐਸੋਸੀਏਸਨ ਦੇ ਬਲਾਕ ਪ੍ਰਧਾਨ ਡਾਕਟਰ ਕਰਮਜੀਤ ਸਿੰਘ ਸੇਖੋਂ ਨੇ ਕਿਹਾ ਕਿ ਜੇਕਰ ਸਰਕਾਰ ਵਲੋਂ ਆਨਲਾਈਨ ਦਵਾਈਆਂ ਦੀ ਵਿਕਰੀ 'ਤੇ ਪਾਬੰਦੀ ਨਾ ਲਗਾਈ ਗਈ ਤਾਂ ਕੈਮਿਸਟ ਅਣਮਿੱਥੇ ਸਮੇਂ ਲਈ ਸੰਘਰਸ਼ ਕਰ ਲਈ ਮਜਬੂਰ ਹੋਣਗੇ |