ਪਠਾਨਕੋਟ, 20 ਮਈ (ਸੰਧੂ)-ਨਗਰ ਨਿਗਮ ਚੋਣਾਂ ਤੋਂ ਠੀਕ ਪਹਿਲਾਂ ਕੀਤੀ ਗਈ ਵਾਰਡਾਂ ਦੀ ਨਵੀਂ ਬਣਤਰ ਨੇ ਪਿੰਡ ਭੜੋਲੀ ਖ਼ੁਰਦ ਦੇ ਲੋਕਾਂ 'ਚ ਰੋਸ ਦੀ ਲਹਿਰ ਪੈਦਾ ਕਰ ਦਿੱਤੀ ਹੈ | ਗ੍ਰਾਮੀਣਾਂ ਨੇ ਇਕੱਠੇ ਹੋ ਕੇ ਪ੍ਰਸ਼ਾਸਨ ਦੇ ਫ਼ੈਸਲੇ ਖ਼ਿਲਾਫ਼ ਤਿੱਖਾ ਵਿਰੋਧ ਦਰਜ ਕਰਵਾਇਆ ਤੇ ਕਿਹਾ ਕਿ ਜੇਕਰ ਉਨ੍ਹਾਂ ਦੇ ਪਿੰਡ ਨੂੰ ਮੁੜ ਪਹਿਲਾਂ ਵਾਲੇ ਵਾਰਡ ਨਾਲ ਨਾ ਜੋੜਿਆ ਗਿਆ ਤਾਂ ਪਿੰਡ ਵਾਸੀ ਚੋਣ ਪ੍ਰਕਿਰਿਆ ਤੋਂ ਦੂਰ ਰਹਿਣਗੇ | ਆਗੂਆਂ ਪ੍ਰਤਾਪ ਸਿੰਘ, ਪਵਨ ਕੁਮਾਰ, ਕਾਲਾ ਰਾਮ, ਮੋਹਨ ਲਾਲ, ਜੁਗਲ ਕਿਸ਼ੋਰ, ਦੇਸ ਰਾਜ, ਸੋਮ ਰਾਜ ਤੇ ਹੋਰਾਂ ਨੇ ਦੱਸਿਆ ਕਿ ਹਰ ਚੋਣ ਦੌਰਾਨ ਉਨ੍ਹਾਂ ਦੇ ਪਿੰਡ ਦੀ ਵਾਰਡਬੰਦੀ ਬਦਲ ਦਿੱਤੀ ਜਾਂਦੀ ਹੈ | ਜਿਸ ਕਾਰਨ ਲੋਕਾਂ ਨੂੰ ਵਿਕਾਸ ਕਾਰਜਾਂ ਤੇ ਪ੍ਰਸ਼ਾਸਨਿਕ ਸਹੂਲਤਾਂ ਲਈ ਭਟਕਣਾ ਪੈਂਦੀ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਉਨ੍ਹਾਂ ਦਾ ਖੇਤਰ ਵਾਰਡ ਨੰਬਰ-49 ਵਿਚ ਸੀ, ਜਦਕਿ ਬਾਅਦ ਵਿਚ ਇਸ ਨੂੰ ਵਾਰਡ ਨੰਬਰ-45 ਵਿਚ ਸ਼ਾਮਲ ਕੀਤਾ ਗਿਆ ਸੀ | ਉਨ੍ਹਾਂ ਦੱਸਿਆ ਕਿ ਪਿੰਡ ਦੇ ਲੋਕਾਂ ਦੀ ਲੰਬੇ ਸਮੇਂ ਤੋਂ ਮੰਗ ਸੀ ਕਿ ਭੜੋਲੀ ਕਲਾਂ ਤੇ ਭੜੋਲੀ ਖ਼ੁਰਦ ਨੂੰ ਇਕੱਠੇ ਕਰਕੇ ਇਕ ਵੱਖਰਾ ਵਾਰਡ ਬਣਾਇਆ ਜਾਵੇ ਤਾਂ ਜੋ ਦੋਵੇਂ ਪਿੰਡਾਂ ਦੇ ਲੋਕਾਂ ਨੂੰ ਸਾਂਝੇ ਤੌਰ 'ਤੇ ਵਿਕਾਸ ਦਾ ਲਾਭ ਮਿਲ ਸਕੇ | ਸ਼ੁਰੂਆਤੀ ਪੱਧਰ 'ਤੇ ਨਿਗਮ ਵਲੋਂ ਉਨ੍ਹਾਂ ਦੀ ਮੰਗ ਨੂੰ ਸਵੀਕਾਰ ਵੀ ਕੀਤਾ ਗਿਆ ਸੀ, ਜਿਸ ਨਾਲ ਪਿੰਡ ਵਾਸੀਆਂ 'ਚ ਖ਼ੁਸ਼ੀ ਦਾ ਮਾਹੌਲ ਬਣ ਗਿਆ ਸੀ | ਪਰ ਬਾਅਦ ਵਿਚ ਜਾਰੀ ਹੋਏ ਗਜ਼ਟ ਨੋਟੀਫ਼ਿਕੇਸ਼ਨ ਵਿਚ ਤਬਦੀਲੀ ਕਰਕੇ ਭੜੋਲੀ ਖ਼ੁਰਦ ਨੂੰ ਹੋਰ ਇਲਾਕਿਆਂ ਨਾਲ ਜੋੜ ਦਿੱਤਾ ਗਿਆ, ਜਿਸ ਨਾਲ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ | ਉਨ੍ਹਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਖੇਤਰਾਂ ਨਾਲ ਹੁਣ ਉਨ੍ਹਾਂ ਨੂੰ ਜੋੜਿਆ ਗਿਆ ਹੈ, ਉਹ ਪਿੰਡ ਤੋਂ ਕਾਫ਼ੀ ਦੂਰ ਹਨ ਤੇ ਇਸ ਨਾਲ ਆਮ ਲੋਕਾਂ ਦੀਆਂ ਮੁਸ਼ਕਿਲਾਂ ਹੋਰ ਵਧਣਗੀਆਂ | ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ ਜਲਦੀ ਇਸ ਮਾਮਲੇ 'ਤੇ ਮੁੜ ਵਿਚਾਰ ਨਾ ਕੀਤਾ ਤਾਂ ਪਿੰਡ ਦੇ ਕਰੀਬ 900 ਵੋਟਰ ਚੋਣਾਂ ਵਿਚ ਹਿੱਸਾ ਨਹੀਂ ਲੈਣਗੇ |