ਗੁਰਦਾਸਪੁਰ, 21 ਮਈ (ਅਸ਼ੋਕ ਸ਼ਰਮਾ)-ਪੰਜਾਬ ਸਰਕਾਰ ਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ਾਂ ਅਨੁਸਾਰ ਪਲਾਸਟਿਕ ਲਿਫ਼ਾਫ਼ਿਆਂ ਦੀ ਵਰਤੋਂ 'ਤੇ ਪਾਬੰਦੀ ਦੇ ਬਾਵਜੂਦ ਬਾਜ਼ਾਰਾਂ 'ਚ ਹਲਵਾਈ, ਸਬਜ਼ੀ, ਫਰੂਟ, ਰੇਹੜੀਆਂ, ਡੇਅਰੀਆਂ ਤੇ ਕਰਿਆਨਿਆਂ ਤੋਂ ਇਲਾਵਾ ਬੇਕਰੀ ਦੀਆਂ ਦੁਕਾਨਾਂ 'ਤੇ ਪਾਬੰਦੀਸ਼ੁਦਾ ਪਲਾਸਟਿਕ ਲਿਫ਼ਾਫ਼ਿਆਂ ਦੀ ਵਰਤੋਂ ਸ਼ਰੇਆਮ ਹੋ ਰਹੀ ਹੈ, ਜਿਸ ਨੂੰ ਲੈ ਕੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਸਭ ਕੁਝ ਜਾਣਦੇ ਹੋਏ ਵੀ ਚੁੱਪੀ ਧਾਰੀ ਹੈ | ਕਦੇ ਕਦੇ ਰੌਲਾ ਪੈਣ 'ਤੇ ਨਗਰ ਕੌਂਸਲ ਤੇ ਹੋਰ ਵਿਭਾਗ ਦੇ ਅਧਿਕਾਰੀ ਮਾੜੀ ਮੋਟੀ ਚੈਕਿੰਗ ਕਰਕੇ ਆਪਣੀ ਕਾਰਵਾਈ ਦਿਖਾ ਦਿੰਦੇ ਹਨ | ਜਿਸ ਦਾ ਪਲਾਸਟਿਕ ਲਿਫ਼ਾਫ਼ਿਆਂ ਦੀ ਵਰਤੋਂ ਕਰਨ ਵਾਲਿਆਂ 'ਤੇ ਕੋਈ ਖ਼ਾਸ ਅਸਰ ਨਹੀਂ ਪੈਂਦਾ | ਕੁਝ ਲੋਕਾਂ ਦਾ ਕਹਿਣਾ ਹੈ ਕਿ ਜਦ ਤੱਕ ਪ੍ਰਸ਼ਾਸਨ ਵਲੋਂ ਇਨ੍ਹਾਂ ਲਿਫ਼ਾਫ਼ਿਆਂ ਦੀ ਵਰਤੋਂ ਕਰਨ ਵਾਲੇ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਨਹੀਂ ਕੀਤੀ ਜਾਂਦੀ, ਉਦੋਂ ਤੱਕ ਕੋਈ ਅਸਰ ਨਹੀਂ ਹੋਵੇਗਾ | ਪੰਜਾਬ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਵਿਚ ਪਲਾਸਟਿਕ ਲਿਫ਼ਾਫ਼ਿਆਂ 'ਤੇ ਮੁਕੰਮਲ ਪਾਬੰਦੀ ਹੈ ਤੇ ਦੁਕਾਨਦਾਰ ਵੀ ਇਸ ਦੀ ਵਰਤੋਂ ਨਹੀਂ ਕਰ ਰਹੇ | ਲੋਕਾਂ ਦੀ ਮੰਗ ਹੈ ਕਿ ਨਗਰ ਕੌਂਸਲ ਗੁਰਦਾਸਪੁਰ ਨੂੰ ਪਲਾਸਟਿਕ ਲਿਫ਼ਾਫ਼ੇ ਵਰਤਣ ਵਾਲੇ ਦੁਕਾਨਦਾਰਾਂ, ਰੇਹੜੀ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਨਾ ਕਿ ਕਿਸੇ ਰੇਹੜੀ ਤੋਂ ਕਿੱਲੋ-ਦੋ ਕਿੱਲੋ ਲਿਫ਼ਾਫ਼ੇ ਜ਼ਬਤ ਕਰਕੇ ਖਾਨਾ ਪੂਰਤੀ ਕੀਤੀ ਜਾਵੇ |