ਕਾਹਨੂੰਵਾਨ, 21 ਮਈ (ਨਿਸ਼ਾਨ ਸਿੰਘ ਚਾਹਲ)-ਪੰਜਾਬ ਪੁਲਿਸ ਦੇ ਵੱਡੀ ਗਿਣਤੀ 'ਚ ਮੁਲਾਜ਼ਮ ਡਿਊਟੀ ਦੌਰਾਨ ਵਧ ਰਹੇ ਤਣਾਅ ਦੇ ਕਾਰਨ ਸੇਵਾ ਮੁਕਤੀ ਦੀ ਉਮਰ ਹੱਦ ਤੋਂ ਪਹਿਲਾਂ ਹੀ ਸੇਵਾ ਮੁਕਤ (ਵਲੰਟੀਅਰ ਰਿਟਾਇਰਮੈਂਟ) ਹੋਣ ਲਈ ਅਰਜ਼ੀਆਂ ਦੇ ਰਹੇ ਹਨ, ਜਦਕਿ ਪੰਜਾਬ ਪੁਲਿਸ ਅੰਦਰ ਮੁਲਾਜ਼ਮਾਂ ਦੀ ਨਫ਼ਰੀ ਬਹੁਤ ਹੀ ਘੱਟ ਹੈ | ਪਿਛਲੇ ਕੁਝ ਸਮੇਂ ਤੋਂ ਵਿਭਾਗ ਵਿਚ ਵਧੇ ਕੰਮ ਦੇ ਬੋਝ ਤੇ ਤਣਾਅ ਦੇ ਚਲਦਿਆਂ ਹਰ ਮਹੀਨੇ ਵੱਡੀ ਗਿਣਤੀ 'ਚ ਪੁਲਿਸ ਮੁਲਾਜ਼ਮ ਸੇਵਾ ਮੁਕਤੀ ਦੀ ਉਮਰ ਤੋਂ ਪਹਿਲਾਂ ਹੀ ਸੇਵਾ ਮੁਕਤ ਹੋਣ ਲੱਗ ਪਏ ਹਨ, ਜਦਕਿ ਪੰਜਾਬ ਦੇ ਪੁਲਿਸ ਥਾਣਿਆਂ ਤੇ ਪੁਲਿਸ ਚੌਕੀਆਂ ਵਿਚ ਪਹਿਲਾਂ ਹੀ ਮੁਲਾਜ਼ਮਾਂ ਦੀ ਕਮੀ ਦੇ ਚਲਦਿਆਂ ਆਮ ਲੋਕਾਂ ਨੂੰ ਵੇਲੇ ਸਿਰ ਇਨਸਾਫ਼ ਲੈਣਾ ਅÏਖਾ ਹੋ ਰਿਹਾ ਹੈ | ਜਾਣਕਾਰੀ ਅਨੁਸਾਰ ਪੰਜਾਬ ਵਿਚ ਇਸ ਵੇਲੇ ਪੁਲਿਸ ਮੁਲਾਜ਼ਮਾਂ ਦੀ ਗਿਣਤੀ 80 ਹਜ਼ਾਰ ਦੇ ਕਰੀਬ ਹੈ, ਜਦਕਿ 9 ਹਜ਼ਾਰ ਪੁਲਿਸ ਮੁਲਾਜ਼ਮ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਤੇ ਉੱਚ ਅਧਿਕਾਰੀਆਂ ਦੀ ਰੱਖਿਆ ਦੇ ਲਈ ਤਾਇਨਾਤ ਹੈ, ਜਿਸ ਕਾਰਨ ਥਾਣਿਆਂ ਵਿਚ ਪੁਲਿਸ ਮੁਲਾਜ਼ਮਾਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ | ਜਾਣਕਾਰੀ ਅਨੁਸਾਰ ਹਰੇਕ ਥਾਣੇ ਅੰਦਰ 20 ਤੋਂ 30 ਦੇ ਕਰੀਬ ਪੁਲਿਸ ਮੁਲਾਜ਼ਮ ਹੋਣੇ ਲਾਜ਼ਮੀ ਹਨ, ਪਰ ਇਸ ਸਮੇਂ ਥਾਣਿਆਂ ਅੰਦਰ ਕੇਵਲ 8 ਤੋਂ 10 ਪੁਲਿਸ ਮੁਲਾਜ਼ਮ ਹੀ ਡਿਊਟੀ 'ਤੇ ਤਾਇਨਾਤ ਹਨ, ਜਦ ਕਿ ਪੰਜਾਬ ਦੇ ਨਾਲ ਲਗਦੇ ਰਾਜਾਂ ਯੂ.ਪੀ. ਅਤੇ ਬਿਹਾਰ ਦੇ ਹਰੇਕ ਥਾਣੇ ਅੰਦਰ 200 ਜਾਂ ਇਸ ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਹਨ | ਜ਼ਿਆਦਾ ਸਮਾਂ ਡਿਊਟੀ 'ਤੇ ਖੜੇ੍ਹ ਰਹਿਣ ਅਤੇ ਆਰਾਮ ਕਰਨ ਲਈ ਹਫ਼ਤਾਵਰੀ ਛੁੱਟੀ ਨਾ ਮਿਲਣ ਕਾਰਨ ਪੁਲਿਸ ਮੁਲਾਜ਼ਮਾਂ ਦੀ ਸਿਹਤ 'ਤੇ ਬੁਰਾ ਪ੍ਰਭਾਵ ਪੈ ਰਿਹਾ ਹੈ | ਸਮਾਜ ਅੰਦਰ ਲਗਾਤਾਰ ਵਧ ਰਹੇ ਕ੍ਰਾਈਮ ਨੂੰ ਲੈ ਕੇ ਪੁਲਿਸ ਅਧਿਕਾਰੀਆਂ ਅਤੇ ਛੋਟੇ ਮੁਲਾਜ਼ਮਾਂ ਅੰਦਰ-ਅੰਦਰ ਲਗਾਤਾਰ ਦਬਾਅ ਤੇ ਤਣਾਅ ਵਧ ਰਿਹਾ ਹੈ | ਪੁਲਿਸ ਮੁਲਾਜ਼ਮਾਂ ਨੂੰ ਅੱਠ ਘੰਟੇ ਦੀ ਥਾਂ ਕਈ ਵਾਰ ਵੀ.ਆਈ.ਪੀ. ਡਿਊਟੀ ਲਈ 24 ਘੰਟਿਆਂ ਤੋਂ ਵੱਧ ਸਮਾਂ ਘਰ ਤੋਂ ਬਾਹਰ ਰਹਿ ਕੇ ਡਿਊਟੀ ਦੇਣ ਲਈ ਮਜਬੂਰ ਹੋਣਾ ਪੈ ਰਿਹਾ ਹੈ | ਘੱਟ ਨਫ਼ਰੀ ਹੋਣ ਦਾ ਬਹਾਨਾ ਬਣਾ ਕੇ ਉੱਚ ਪੁਲਿਸ ਅਧਿਕਾਰੀਆਂ ਵਲੋਂ ਕਿਸੇ ਮੁਲਾਜ਼ਮ ਦੇ ਬਿਮਾਰ ਹੋਣ ਦੀ ਸੂਰਤ ਵਿਚ ਜਾਂ ਕਿਸੇ ਜ਼ਰੂਰੀ ਕੰਮ ਲਈ ਵੀ ਛੁੱਟੀ ਨਹੀਂ ਦਿੱਤੀ ਜਾਂਦੀ, ਜਦਕਿ ਸੰਵਿਧਾਨ ਦੇ ਮੁਤਾਬਕ ਹਰੇਕ ਮੁਲਾਜ਼ਮ ਨੂੰ ਹਫ਼ਤੇ ਵਿਚ ਇਕ ਛੁੱਟੀ ਮਿਲਣੀ ਲਾਜ਼ਮੀ ਹੈ | ਡਿਊਟੀ ਪ੍ਰਤੀ ਵਧਦੇ ਤਣਾਅ ਅਤੇ ਹਫ਼ਤਾਵਾਰੀ ਛੁੱਟੀ ਨਾ ਮਿਲਣ ਕਾਰਨ ਬਹੁਤ ਸਾਰੇ ਮੁਲਾਜ਼ਮ ਸਮੇਂ ਤੋਂ ਪਹਿਲਾਂ ਹੀ ਵਿਭਾਗ ਤੋਂ ਸੇਵਾ ਮੁਕਤੀ ਲੈ ਕੇ ਡਿਊਟੀ ਤੋਂ ਫਾਰਗ ਹੋਣਾ ਚਾਹੁੰਦੇ ਹਨ | ਇਸ ਲਈ ਧੜਾਧੜ ਪੁਲਿਸ ਮੁਲਾਜ਼ਮ ਸਮੇਂ ਤੋਂ ਪਹਿਲਾਂ ਹੀ ਸੇਵਾ ਮੁਕਤ ਹੋਣ ਦੇ ਲਈ ਵਿਭਾਗ ਕੋਲ ਆਪਣੀਆਂ ਅਰਜ਼ੀਆਂ ਜਮ੍ਹਾਂ ਕਰਵਾ ਰਹੇ ਹਨ | ਜਾਣਕਾਰੀ ਅਨੁਸਾਰ ਪੁਲਿਸ ਜ਼ਿਲ੍ਹਾ ਬਟਾਲਾ ਵਿਚ ਅਪ੍ਰੈਲ ਮਹੀਨੇ ਅੰਦਰ 19 ਪੁਲਿਸ ਮੁਲਾਜ਼ਮ ਸੇਵਾ ਮੁਕਤ ਹੋਏ, ਜਦਕਿ 6 ਪੁਲਿਸ ਮੁਲਾਜ਼ਮ ਸੇਵਾ ਮੁਕਤੀ ਤੋਂ ਪਹਿਲਾਂ ਹੀ ਨੌਕਰੀ ਤੋਂ ਫਾਰਗ ਹੋ ਗਏ | ਇਸੇ ਤਰ੍ਹਾਂ ਪੁਲਿਸ ਜ਼ਿਲ੍ਹਾ ਗੁਰਦਾਸਪੁਰ ਅੰਦਰ 6 ਪੁਲਿਸ ਮੁਲਾਜ਼ਮ ਸੇਵਾ ਮੁਕਤ ਹੋਏ, ਜਦਕਿ 2 ਪੁਲਿਸ ਮੁਲਾਜ਼ਮ ਸੇਵਾ ਮੁਕਤੀ ਦੀ ਉਮਰ ਦੀ ਹੱਦ ਤੋਂ ਪਹਿਲਾਂ ਹੀ ਸੇਵਾ ਮੁਕਤ ਹੋਏ |