ਦੀਨਾਨਗਰ, 25 ਮਈ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)-ਆਮ ਆਦਮੀ ਪਾਰਟੀ ਨੂੰ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਦੀਨਾਨਗਰ ਸ਼ਹਿਰ ਅੰਦਰ ਉਦੋਂ ਤਗੜਾ ਹੁੰਗਾਰਾ ਮਿਲਿਆ, ਜਦੋਂ ਭਾਰਤੀ ਜਨਤਾ ਪਾਰਟੀ ਦੇ ਦੋ ਵਾਰ ਕੌਂਸਲਰ ਰਹੇ ਸੋਸ਼ਲ ਐਕਟੀਵਿਸਟ ਸੁਨੀਲ ਦੱਤ ਨੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ | ਬੀਤੀ ਰਾਤ ਦੀਨਾਨਗਰ ਦੇ ਵਾਰਡ ਨੰਬਰ 4 ਦੇ ਆਰੀਆ ਨਗਰ ਵਿਖੇ ਹੋਈ ਭਰਵੀਂ ਮੀਟਿੰਗ ਦੌਰਾਨ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਸੁਨੀਲ ਦੱਤ ਦੀ ਆਮ ਆਦਮੀ ਪਾਰਟੀ 'ਚ ਸ਼ਮੂਲੀਅਤ ਕਰਵਾਈ | ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਣ ਵਾਲਿਆਂ ਨੂੰ ਪਾਰਟੀ ਅੰਦਰ ਪੂਰੇ ਮਾਣ ਸਨਮਾਨ ਦਾ ਭਰੋਸਾ ਦਿੱਤਾ | ਉਨ੍ਹਾਂ ਕਿਹਾ ਕਿ ਦੀਨਾਨਗਰ ਸ਼ਹਿਰ ਅੰਦਰ ਆਮ ਆਦਮੀ ਪਾਰਟੀ ਲਗਾਤਾਰ ਮਜ਼ਬੂਤੀ ਵੱਲ ਵੱਧ ਰਹੀ ਹੈ ਅਤੇ ਇਹ ਮਜ਼ਬੂਤੀ ਨਗਰ ਕੌਂਸਲ ਚੋਣਾਂ 'ਚ ਵਿਰੋਧੀ ਪਾਰਟੀਆਂ ਨੂੰ ਕਰਾਰੀ ਹਾਰ ਦੇਵੇਗੀ | ਸ਼ਮਸ਼ੇਰ ਸਿੰਘ ਨੇ ਕਿਹਾ ਕਿ ਇਹ ਆਮ ਆਦਮੀ ਪਾਰਟੀ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਹਰਮਨ ਪਿਆਰਤਾ ਦਾ ਹੀ ਨਤੀਜਾ ਹੈ ਕਿ ਦੀਨਾਨਗਰ ਸ਼ਹਿਰ ਅੰਦਰ ਲੋਕ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਲਗਾਤਾਰ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋ ਰਹੇ ਹਨ | ਇਸ ਮੌਕੇ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਦਾ ਵੀ ਗੁਣਗਾਨ ਕੀਤਾ ਤੇ ਕਿਹਾ ਕਿ ਇਹ ਪਹਿਲੀ ਅਜਿਹੀ ਸਰਕਾਰ ਹੈ, ਜਿਸ ਨੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਜ਼ਮੀਨੀ ਪੱਧਰ 'ਤੇ ਪਹਿਚਾਣ ਕੇ ਉਸ ਅਨੁਸਾਰ ਕੰਮ ਕੀਤਾ ਹੈ | ਇਸ ਮੌਕੇ ਬਲਾਕ ਪ੍ਰਧਾਨ ਕੈਪਟਨ ਰਾਮ ਸਰੂਪ, ਸਾਰਥਕ ਮਹਾਜਨ, ਮਨਿੰਦਰ ਅਤੇ ਪਵਨ ਕੁਮਾਰ ਵੀ ਮੌਜੂਦ ਸਨ |