ਵਡਾਲਾ ਗ੍ਰੰਥੀਆਂ, 26 ਮਈ (ਗੁਰਪ੍ਰਤਾਪ ਸਿੰਘ ਕਾਹਲੋਂ)-ਸਰਕਾਰੀ ਹਾਈ ਸਕੂਲ ਭੀਖੋਵਾਲੀ ਵਿਖੇ ਤਾਇਨਾਤ ਡਰਾਇੰਗ ਅਧਿਆਪਕ ਸੁਖਦੀਪ ਸਿੰਘ ਘੁੰਮਣ ਵਲੋਂ ਬੀਤੇ ਦਿਨ ਸਲਫਾਸ ਨਿਗਲ ਲੈਣ ਦੇ ਮਾਮਲੇ ਵਿਚ ਸੀ.ਐਂਡ.ਵੀ. ਟੀਚਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮਨਪ੍ਰੀਤ ਸਿੰਘ ਕਾਹਲੋਂ, ਜਨਰਲ ਸਕੱਤਰ ਗੁਰਪ੍ਰੀਤ ਸਿੰਘ ਮੁਸਤਫਾਬਾਦ, ਵਿੱਤ ਸਕੱਤਰ ਉਪਕਾਰ ਸਿੰਘ ਰੰਧਾਵਾ, ਬਬਲਜੀਤ ਸਿੰਘ ਰੰਧਾਵਾ, ਸਰਬਜੀਤ ਸਿੰਘ, ਗੁਰਮਿੰਦਰ ਸਿੰਘ ਸਿੱਧੂ, ਨਰਪਿੰਦਰ ਸਿੰਘ ਰਿੱਕੀ, ਗੁਰਬਿੰਦਰ ਸਿੰਘ ਕਾਹਲੋਂ ਨੇ ਉਨ੍ਹਾਂ ਦੇ ਸਕੂਲ ਦੀ ਕਾਰਜਕਾਰੀ ਮੁੱਖ ਅਧਿਆਪਕਾ 'ਤੇ ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ | ਇਸ ਸਬੰਧੀ ਉਨ੍ਹਾਂ ਕਿਹਾ ਕਿ ਅਧਿਆਪਕ ਸੁਖਦੀਪ ਸਿੰਘ ਘੁੰਮਣ ਨੂੰ ਸਕੂਲ ਦੀ ਕਾਰਜਕਾਰੀ ਮੁੱਖ ਅਧਿਆਪਕ ਵਲੋਂ ਕਥਿਤ ਤੌਰ 'ਤੇ ਲਗਾਤਾਰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਸੀ, ਜਿਸ ਕਾਰਨ ਉਹ ਮਾਨਸਿਕ ਤੌਰ 'ਤੇ ਕਾਫ਼ੀ ਪ੍ਰੇਸ਼ਾਨ ਰਹਿੰਦੇ ਸਨ | ਉਨ੍ਹਾਂ ਦੱਸਿਆ ਕਿ ਸਲਫਾਸ ਖਾਣ ਤੋਂ ਬਾਅਦ ਸੁਖਦੀਪ ਸਿੰਘ ਘੁੰਮਣ ਨੂੰ ਤੁਰੰਤ ਬਟਾਲਾ ਦੇ ਇਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਡੀ.ਐਮ.ਸੀ. ਲੁਧਿਆਣਾ ਤਬਦੀਲ ਕਰ ਦਿੱਤਾ | ਉੱਥੇ ਡਾਕਟਰਾਂ ਵਲੋਂ ਉਨ੍ਹਾਂ ਦੀ ਹਾਲਤ ਬਹੁਤ ਨਾਜ਼ੁਕ ਦੱਸੀ ਜਾ ਰਹੀ ਹੈ ਅਤੇ ਅਗਲੇ 48 ਘੰਟੇ ਬਹੁਤ ਅਹਿਮ ਦੱਸੇ ਗਏ ਹਨ | ਉਕਤ ਆਗੂਆਂ ਨੇ ਆਪਣੇ ਸਾਥੀ ਸੁਖਦੀਪ ਸਿੰਘ ਘੁੰਮਣ ਦੀ ਜਲਦ ਸਿਹਤਯਾਬੀ ਲਈ ਅਰਦਾਸ ਕਰਦਿਆਂ ਸਰਕਾਰ ਅਤੇ ਸਿੱਖਿਆ ਵਿਭਾਗ ਤੋਂ ਮੰਗ ਕੀਤੀ ਕਿ ਮਾਮਲੇ ਦੀ ਨਿਰਪੱਖ ਜਾਂਚ ਕਰ ਕੇ ਉਕਤ ਮੁੱਖ ਅਧਿਆਪਕਾ ਖਿਲਾਫ਼ ਪਰਚਾ ਦਰਜ ਕਰਦੇ ਹੋਏ ਸਖ਼ਤ ਕਾਰਵਾਈ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਇਸ ਅÏਖੀ ਘੜੀ ਵਿਚ ਸਮੂਹ ਅਧਿਆਪਕ ਵਰਗ ਸੁਖਦੀਪ ਸਿੰਘ ਘੁੰਮਣ ਅਤੇ ਉਨ੍ਹਾਂ ਦੇ ਪਰਿਵਾਰ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ |