ਪਠਾਨਕੋਟ/ਸੁਜਾਨਪੁਰ, 26 ਮਈ (ਵਿਨੋਦ/ਜਗਦੀਪ)-ਸੁਜਾਨਪੁਰ ਦੇ ਵਾਰਡ ਨੰਬਰ-4 ਵਿਚ ਸਰਕਾਰੀ ਪ੍ਰਾਇਮਰੀ ਓਲਡ ਸਕੂਲ ਪੋਲਿੰਗ ਸਟੇਸ਼ਨ ਦੇ ਬਾਹਰ ਸਥਿਤੀ ਤਣਾਅ ਪੂਰਨ ਹੋ ਗਈ, ਜਦੋਂ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਸਮਰਥਕਾਂ ਵਿਚ ਝੜਪ ਹੋ ਗਈ | ਜਿਵੇਂ ਹੀ 'ਆਪ' ਆਗੂ ਤੇ ਰਾਜਪੂਤ ਭਲਾਈ ਬੋਰਡ ਦੇ ਚੇਅਰਮੈਨ ਸਵਰਨ ਸਲਾਰੀਆ ਪੋਲਿੰਗ ਸਟੇਸ਼ਨ 'ਤੇ ਪਹੁੰਚੇ, ਆਮ ਆਦਮੀ ਪਾਰਟੀ ਤੇ ਆਜ਼ਾਦ ਉਮੀਦਵਾਰ ਮਹਿੰਦਰ ਬਾਲੀ ਦੇ ਸਮਰਥਕਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ | ਤਣਾਅ ਤੇਜ਼ੀ ਨਾਲ ਵੱਧ ਗਿਆ | ਜਿਸ ਕਾਰਨ ਦੋਵਾਂ ਧਿਰਾਂ ਵਿਚਕਾਰ ਗਰਮਾ-ਗਰਮੀ ਗੱਲਬਾਤ ਹੋਈ | ਤਣਾਅ ਦੌਰਾਨ ਸਵਰਨ ਸਲਾਰੀਆ ਅਤੇ ਮਹਿੰਦਰ ਬਾਲੀ ਇਕ ਦੂਜੇ ਨਾਲ ਗਰਮੋ-ਗਰਮੀ ਹੋ ਗਏ | ਸਥਿਤੀ ਵਿਗੜਦੀ ਦੇਖ ਕੇ ਮੌਕੇ 'ਤੇ ਤਾਇਨਾਤ ਪੁਲਿਸ ਨੇ ਤੁਰੰਤ ਚਾਰਜ ਸੰਭਾਲ ਲਿਆ ਤੇ ਨਾਅਰੇਬਾਜ਼ੀ ਕਰਨ ਵਾਲੇ ਸਮਰਥਕਾਂ ਨੂੰ ਖਿੰਡਾ ਦਿੱਤਾ | ਪੁਲਿਸ ਦੀ ਤੁਰੰਤ ਕਾਰਵਾਈ ਕਾਰਨ ਸਥਿਤੀ ਨੂੰ ਜਲਦੀ ਕਾਬੂ 'ਚ ਲਿਆਂਦਾ ਗਿਆ ਤੇ ਇਕ ਵੱਡਾ ਟਕਰਾਅ ਟਲ ਗਿਆ | ਡੀ.ਐਸ.ਪੀ. ਰਾਜੇਸ਼ ਕੱਕੜ ਨੇ ਦੱਸਿਆ ਕਿ ਵੋਟਿੰਗ ਸ਼ਾਂਤੀ ਪੂਰਵਕ ਜਾਰੀ ਹੈ | ਵਾਰਡ ਨੰਬਰ-4 ਵਿਚ ਇਕ ਮਾਮੂਲੀ ਝਗੜਾ ਹੋਇਆ ਸੀ | ਪਰ ਹੁਣ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ | ਸਾਰੇ ਪਾਰਟੀ ਵਰਕਰਾਂ ਅਤੇ ਸਮਰਥਕਾਂ ਨੂੰ ਸ਼ਾਂਤ ਕਰ ਦਿੱਤਾ ਗਿਆ ਹੈ | ਵੋਟਿੰਗ ਪ੍ਰਕਿਰਿਆ ਸੁਚਾਰੂ ਅਤੇ ਸ਼ਾਂਤੀ ਪੂਰਵਕ ਚੱਲ ਰਹੀ ਹੈ | ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਨੇ ਸੁਜਾਨਪੁਰ ਵਿਚ ਕੌਂਸਲ ਚੋਣਾਂ ਲਈ ਸਾਬਕਾ ਪ੍ਰਧਾਨ ਅਨੁਰਾਧਾ ਬਾਲੀ ਅਤੇ ਮਹਿੰਦਰ ਬਾਲੀ ਨੂੰ ਟਿਕਟ ਨਹੀਂ ਦਿੱਤੀ, ਜਿਸ ਕਾਰਨ ਦੋਵੇਂ ਉਮੀਦਵਾਰ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਸਨ | ਸਵਰਨ ਸਲਾਰੀਆ ਨੇ ਆਮ ਆਦਮੀ ਪਾਰਟੀ ਦੀਆਂ ਰੈਲੀਆਂ ਤੇ ਮੀਟਿੰਗਾਂ 'ਚ ਵੀ ਇਨ੍ਹਾਂ ਆਜ਼ਾਦ ਉਮੀਦਵਾਰਾਂ ਦਾ ਖੁੱਲ੍ਹ ਕੇ ਵਿਰੋਧ ਕੀਤਾ ਸੀ |