ਘਰੋਟਾ, 26 ਮਈ (ਸੰਜੀਵ ਗੁਪਤਾ)-ਬਾਬਾ ਚੁੱਪ ਸ਼ਾਹ ਯਾਦਗਾਰੀ ਦੋ ਰੋਜ਼ਾ ਮੇਲਾ ਉਤਸ਼ਾਹ ਨਾਲ ਸਫ਼ਲਤਾ ਪੂਰਵਕ ਸਮਾਪਤ ਹੋ ਗਿਆ | ਮੇਲੇ ਦੌਰਾਨ ਦੂਰ-ਦੁਰਾਡੇ ਇਲਾਕਿਆਂ ਤੋਂ ਭਾਰੀ ਗਿਣਤੀ ਵਿਚ ਸੰਗਤ ਨੇ ਦਰਬਾਰ ਵਿਚ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ | ਭਿਆਨਕ ਗਰਮੀ ਦੇ ਬਾਵਜੂਦ ਸੰਗਤ ਦਾ ਜੋਸ਼ ਤੇ ਉਤਸ਼ਾਹ ਦੇਖਣ ਯੋਗ ਰਿਹਾ | ਮੇਲੇ ਦੌਰਾਨ ਸੀ.ਐਚ.ਸੀ. ਹਸਪਤਾਲ ਦੇ ਆਲੇ-ਦੁਆਲੇ ਪੂਰਾ ਭਵਨ ਤੇ ਮੇਲਾ ਬਾਜ਼ਾਰ ਲੋਕਾਂ ਨਾਲ ਖਚਾਖਚ ਭਰਿਆ ਰਿਹਾ | ਹਰ ਪਾਸੇ ਰੌਣਕਾਂ ਹੀ ਰੌਣਕਾਂ ਦਿਖਾਈ ਦਿੱਤੀਆਂ | ਧਾਰਮਿਕ ਸਮਾਗਮਾਂ ਦੇ ਨਾਲ-ਨਾਲ ਸੱਭਿਆਚਾਰਕ ਪ੍ਰੋਗਰਾਮਾਂ ਨੇ ਵੀ ਸੰਗਤ ਨੂੰ ਬੰਨ੍ਹ ਕੇ ਰੱਖਿਆ | ਪ੍ਰਸਿੱਧ ਗਾਇਕ ਸੰਗਰਾਮ ਹੰਜਰਾ ਨੇ ਆਪਣੇ ਸੂਫ਼ੀਆਨਾ, ਭਾਵਨਾਤਮਿਕ ਤੇ ਧਾਰਮਿਕ ਗੀਤਾਂ ਨਾਲ ਸਮਾਗਮ ਵਿਚ ਖ਼ੂਬ ਰੰਗ ਬੰਨਿ੍ਹਆ | ਭਾਰੀ ਗਰਮੀ ਦੇ ਬਾਵਜੂਦ ਦਰਸ਼ਕ ਦੇਰ ਤੱਕ ਉਨ੍ਹਾਂ ਦੇ ਗੀਤਾਂ ਦਾ ਆਨੰਦ ਮਾਣਦੇ ਰਹੇ | ਇਸੇ ਤਰ੍ਹਾਂ ਸਨਮ ਕਲਿਆਣ ਗਾਇਕ ਨੇ ਵੀ ਆਪਣੀਆਂ ਪੇਸ਼ਕਾਰੀਆਂ ਨਾਲ ਸੰਗਤ ਨੂੰ ਭਾਵੁਕ ਕਰ ਦਿੱਤਾ | ਇਸ ਮੌਕੇ ਕੱਵਾਲ ਗੁਲਸ਼ਨ ਅਲੀ ਨੇ ਸ਼ਾਨਦਾਰ ਕੱਵਾਲੀਆਂ ਪੇਸ਼ ਕਰਕੇ ਸਮਾਗਮ ਵਿਚ ਚਾਰ ਚੰਨ ਲਗਾ ਦਿੱਤੇ | ਸੰਗਤ ਵਲੋਂ ਤਾਲੀਆਂ ਦੀ ਗੂੰਜ ਨਾਲ ਕਲਾਕਾਰਾਂ ਦਾ ਹੌਂਸਲਾ ਵਧਾਇਆ ਗਿਆ | ਮੇਲੇ ਦੀ ਸ਼ੁਰੂਆਤ ਚਾਦਰ ਚੜ੍ਹਾਉਣ ਦੀ ਰਸਮ, ਝੰਡੇ ਦੀ ਰਸਮ ਅਤੇ ਵਿਸ਼ਾਲ ਭੰਡਾਰੇ ਨਾਲ ਹੋਈ | ਭੰਡਾਰੇ ਵਿਚ ਹਜ਼ਾਰਾਂ ਸ਼ਰਧਾਲੂਆਂ ਨੇ ਪ੍ਰਸ਼ਾਦ ਛਕਿਆ | ਇਸ ਮੌਕੇ ਸੇਵਾਦਾਰ ਸ਼ਸ਼ੀ, ਅਮਿਤ ਕੁਮਾਰ, ਕਿ੍ਸ਼, ਹੀਰਾ, ਜੋਨੀ ਸਮੇਤ ਹੋਰ ਕਈ ਸੰਗਤ ਮੈਂਬਰ ਅਤੇ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ | ਆਯੋਜਕਾਂ ਨੇ ਮੇਲੇ ਨੂੰ ਸਫਲ ਬਣਾਉਣ ਲਈ ਸੰਗਤ ਦਾ ਧੰਨਵਾਦ ਕੀਤਾ |