ਗੁਰਦਾਸਪੁਰ, 27 ਮਈ (ਅਸ਼ੋਕ ਸ਼ਰਮਾ)-ਬੇਟ ਇਲਾਕੇ ਅੰਦਰ ਬਰਸਾਤੀ ਪਾਣੀ ਦੀ ਨਿਕਾਸੀ ਵਾਲੀ ਸੇਮ ਨਹਿਰ ਜਿਸ ਦੇ ਹੇਠਾਂ ਹਜ਼ਾਰਾਂ ਏਕੜ ਜ਼ਮੀਨ ਦਾ ਰਕਬਾ ਹੈ ਤੇ ਉਸ ਦੀ ਡਰੇਨੇਜ਼ ਵਿਭਾਗ ਨੇ ਕਦੇ ਵੀ ਸਮੇਂ ਸਿਰ ਡੂੰਘਾਈ ਤੇ ਸਫ਼ਾਈ ਨਹੀਂ ਕਰਵਾਈ | ਜਿਸ ਕਾਰਨ ਬਰਸਾਤਾਂ ਨਾਲ ਕਿਸਾਨਾਂ ਦਾ ਕਾਫ਼ੀ ਨੁਕਸਾਨ ਹੁੰਦਾ ਹੈ | ਇਸ ਸਬੰਧੀ ਕਿਸਾਨ ਲੈਕ: ਪ੍ਰਤਾਪ ਸਿੰਘ ਸੈਣੀ, ਉੱਘੇ ਕਿਸਾਨ ਨਿਸ਼ਾਨ ਸਿੰਘ, ਨਾਜ਼ਰ ਸਿੰਘ ਲੁਬਾਣਾ, ਰਸਾਲਦਾਰ ਦਿਲਬਾਗ ਸਿੰਘ, ਠਾਕੁਰ ਅਸ਼ਵਨੀ ਸਿੰਘ, ਤਜਿੰਦਰ ਸਿੰਘ, ਸਾਬਕਾ ਸਰਪੰਚ ਬਲਦੇਵ ਸਿੰਘ ਆਦਿ ਨੇ ਦੱਸਿਆ ਕਿ ਮੌਜੂਦਾ ਸਮੇਂ ਸੇਮ ਨਹਿਰ 'ਚ ਕਾਫ਼ੀ ਗਿਣਤੀ 'ਚ ਜੜੀ ਬੂਟੀ ਦੀ ਭਰਮਾਰ ਹੈ ਅਤੇ ਨਹਿਰ ਅੰਦਰ ਬਰੇਤਾ ਜੰਮ ਗਿਆ ਹੈ | ਜਿਸ ਕਰਕੇ ਜਦੋਂ ਬਰਸਾਤ ਦਾ ਸਮਾਂ ਆਉਂਦਾ ਹੈ ਤਾਂ ਨਹਿਰ ਦੀ ਬਜਾਏ ਪਾਣੀ ਕਿਸਾਨਾਂ ਦੇ ਖੇਤਾਂ ਵਿਚ ਦਾਖ਼ਲ ਹੋ ਕੇ ਭਾਰੀ ਨੁਕਸਾਨ ਕਰਦਾ ਹੈ | ਉਨ੍ਹਾਂ ਦੱਸਿਆ ਕਿ ਸੇਮ ਨਹਿਰ ਦੀ ਸਫ਼ਾਈ ਪਿਛਲੇ 4-5 ਸਾਲ ਪਹਿਲਾਂ ਹੋਈ ਸੀ, ਉਸ ਦੀ ਮਿੱਟੀ ਨਹਿਰ ਦੇ ਕੰਢੇ ਸੁੱਟ ਦਿੱਤੀ ਜਾਂਦੀ ਹੈ ਜੋ ਮੀਂਹ ਨਾਲ ਦੁਬਾਰਾ ਨਹਿਰ ਵਿਚ ਚਲੀ ਜਾਂਦੀ ਹੈ ਅਤੇ ਹਾਲ ਪਹਿਲਾਂ ਵਾਲਾ ਹੋ ਜਾਂਦਾ ਹੈ | ਉਨ੍ਹਾਂ ਕਿਹਾ ਕਿ ਅਨੇਕਾਂ ਵਾਰ ਵਿਭਾਗ ਤੇ ਪ੍ਰਸ਼ਾਸਨ ਨੰੂ ਲਿਖਤੀ ਬੇਨਤੀ ਪੱਤਰ ਦਿੱਤੇ ਹਨ | ਪਰ ਮਹਿਕਮਾ ਧਿਆਨ ਦੇਣ ਦੀ ਬਜਾਏ ਕਿਸਾਨਾਂ ਨੰੂ ਬੇਵਕੂਫ਼ ਬਣਾ ਕੇ ਇਹ ਟਾਲ ਦਿੰਦਾ ਹੈ ਕਿ ਸਰਕਾਰੀ ਬਜਟ ਦੀ ਘਾਟ ਕਰਕੇ ਕੰਮ ਸਮੇਂ ਸਿਰ ਨਹੀਂ ਹੁੰਦਾ | ਉਨ੍ਹਾਂ ਕਿਹਾ ਕਿ ਪਹਿਲਾਂ ਮਾਮੂਲੀ ਜਿਹੀ ਬਰਸਾਤ ਨਾਲ ਸੇਮ ਵਧਣ ਕਰਕੇ ਕਿਸਾਨਾਂ ਦੀ ਖ਼ਰਾਬ ਹੋਈ ਫ਼ਸਲ ਦਾ ਮੁਆਵਜ਼ਾ ਨਹੀਂ ਮਿਲਿਆ, ਸਗੋਂ ਮਾਲ ਮਹਿਕਮੇ ਵਲੋਂ ਕਈ ਵਾਰ ਗਿਰਦਾਵਰੀਆਂ ਕਰਨ ਦੇ ਬਾਵਜੂਦ ਕਿਸਾਨਾਂ ਦੇ ਹੱਕ ਨਿਰਾਸ਼ਾ ਹੀ ਲੱਗੀ ਹੈ | ਉਨ੍ਹਾਂ ਦੱਸਿਆ ਕਿ ਸੇਮ ਸਮੱਸਿਆ ਦੇ ਹੱਲ ਲਈ ਕੇਂਦਰ ਤੇ ਪੰਜਾਬ ਸਰਕਾਰ ਵਲੋਂ ਕਈ ਮਾਸਟਰ ਪਲਾਨ ਬਣਾਵੇ, ਉਹ ਵੀ ਸਿਰੇ ਨਹੀਂ ਚੜ੍ਹ ਸਕੇ | ਬੇਟ ਇਲਾਕੇ ਦੀਆਂ ਡਰੇਨਾਂ ਮਿੱਟੀ ਤੇ ਜੜੀ ਬੂਟੀ ਨਾਲ ਭਰੀਆਂ ਹਨ | ਉਨ੍ਹਾਂ ਕਿਹਾ ਕਿ ਅਗਲੇ ਮਹੀਨੇ ਬਰਸਾਤ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ ਅਤੇ ਕਿਸਾਨ ਨਿਰਾਸ਼ਾ ਦੇ ਆਲਮ ਵਿਚ ਡੁੱਬੇ ਹਨ | ਉਨ੍ਹਾਂ ਕੇਂਦਰ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਲਾਕੇ ਦੀ ਸੇਮ ਨਹਿਰ ਤੇ ਡਰੇਨਾਂ ਦੀ ਸਫ਼ਾਈ ਲਈ ਡਿਪਟੀ ਕਮਿਸ਼ਨਰ ਨੰੂ ਹਦਾਇਤਾਂ ਕਰਕੇ ਪਹਿਲ ਦੇ ਆਧਾਰ 'ਤੇ ਹੱਲ ਕਰਵਾਇਆ ਜਾਵੇ, ਜਿਸ ਨਾਲ ਕਿਸਾਨਾਂ ਦੀ ਇਹ ਮੰਗ ਪ੍ਰਵਾਨ ਹੋ ਸਕੇ |