ਪਠਾਨਕੋਟ, 27 ਮਈ (ਸੁਮਿਤ)-ਪਠਾਨਕੋਟ ਸ਼ਹਿਰ ਦੇ ਸਭ ਤੋਂ ਭੀੜ-ਭਾੜ ਵਾਲੇ ਮਾਰਗਾਂ ਵਿਚ ਸ਼ਾਮਿਲ ਢਾਂਗੂ ਰੋਡ ਸਥਿਤ ਰੇਲਵੇ ਫਾਟਕ 'ਤੇ ਬੁੱਧਵਾਰ ਨੂੰ ਤਕਨੀਕੀ ਖ਼ਰਾਬੀ ਆ ਜਾਣ ਕਾਰਨ ਲੋਕਾਂ ਨੂੰ ਭਾਰੀ ਟ੍ਰੈਫਿਕ ਜਾਮ ਦਾ ਸਾਹਮਣਾ ਕਰਨਾ ਪਿਆ | ਫਾਟਕ ਲੰਬੇ ਸਮੇਂ ਤੱਕ ਬੰਦ ਰਹਿਣ ਕਾਰਨ ਸੜਕ ਦੇ ਦੋਵੇਂ ਪਾਸਿਆਂ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ | ਦੋ ਪਹੀਆ ਵਾਹਨ ਚਾਲਕਾਂ, ਸਕੂਲੀ ਬੱਚਿਆਂ, ਨੌਕਰੀ ਪੇਸ਼ਾ ਲੋਕਾਂ ਅਤੇ ਐਂਬੂਲੈਂਸ ਤੱਕ ਨੂੰ ਕਾਫ਼ੀ ਪ੍ਰੇਸ਼ਾਨੀ ਝੱਲਣੀ ਪਈ | ਤੇਜ਼ ਧੁੱਪ ਤੇ ਗਰਮੀ ਵਿਚਕਾਰ ਘੰਟਿਆਂ ਤੱਕ ਜਾਮ ਵਿਚ ਫਸੇ ਰਹਿਣ ਕਾਰਨ ਲੋਕਾਂ ਵਿਚ ਰੇਲਵੇ ਵਿਭਾਗ ਪ੍ਰਤੀ ਰੋਸ ਵੀ ਦੇਖਣ ਨੂੰ ਮਿਲਿਆ | ਜਾਣਕਾਰੀ ਮੁਤਾਬਿਕ ਫਾਟਕ ਬੰਦ ਹੋਣ ਤੋਂ ਕੁਝ ਸਮੇਂ ਬਾਅਦ ਉਸ ਵਿਚ ਤਕਨੀਕੀ ਖ਼ਰਾਬੀ ਆ ਗਈ, ਜਿਸ ਕਾਰਨ ਉਸ ਨੂੰ ਸਮੇਂ 'ਤੇ ਖੋਲਿ੍ਹਆ ਨਹੀਂ ਜਾ ਸਕਿਆ | ਵੇਖਦੇ ਹੀ ਵੇਖਦੇ ਢਾਂਗੂ ਰੋਡ, ਆਸ-ਪਾਸ ਦੀਆਂ ਗਲੀਆਂ ਤੇ ਮੁੱਖ ਸੰਪਰਕ ਮਾਰਗਾਂ 'ਤੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ | ਕਈ ਲੋਕ ਆਪਣੇ ਵਾਹਨ ਛੱਡ ਕੇ ਪੈਦਲ ਜਾਂਦੇ ਵੀ ਨਜ਼ਰ ਆਏ | ਟ੍ਰੈਫਿਕ ਪੁਲਿਸ ਨੂੰ ਸਥਿਤੀ ਸੰਭਾਲਣ ਲਈ ਕਾਫ਼ੀ ਮਸ਼ੱਕਤ ਕਰਨੀ ਪਈ | ਜਾਣਕਾਰੀ ਮੁਤਾਬਿਕ ਪਠਾਨਕੋਟ ਤੋਂ ਹਿਮਾਚਲ ਪ੍ਰਦੇਸ਼ ਲਈ ਸ਼ੁਰੂ ਕੀਤੀ ਜਾ ਰਹੀ ਨਵੀਂ ਰੇਲ ਸੇਵਾ ਨੂੰ ਲੈ ਕੇ ਰੇਲਵੇ ਵਿਭਾਗ ਵਲੋਂ ਲਗਾਤਾਰ ਟਰਾਇਲ ਕੀਤੇ ਜਾ ਰਹੇ ਹਨ | ਦਿਨ ਭਰ ਵੱਖ-ਵੱਖ ਰੇਲਗੱਡੀਆਂ ਦੀ ਆਵਾਜਾਈ ਤੇ ਟੈਸਟਿੰਗ ਕਾਰਨ ਰੇਲਵੇ ਫਾਟਕ ਨੂੰ ਵਾਰ-ਵਾਰ ਬੰਦ ਕੀਤਾ ਜਾ ਰਿਹਾ ਹੈ | ਇਸ ਤੋਂ ਇਲਾਵਾ ਸਵੇਰੇ ਅਤੇ ਸ਼ਾਮ ਦੇ ਸਮੇਂ ਯਾਤਰੀਆਂ ਨਾਲ ਭਰੀਆਂ ਰੇਲਗੱਡੀਆਂ ਨੂੰ ਵੀ ਰਵਾਨਾ ਕੀਤਾ ਜਾ ਰਿਹਾ ਹੈ | ਇਸੇ ਦੌਰਾਨ ਬੁੱਧਵਾਰ ਨੂੰ ਫਾਟਕ ਬੰਦ ਹੋਣ ਤੋਂ ਬਾਅਦ ਤਕਨੀਕੀ ਖ਼ਰਾਬੀ ਆ ਜਾਣ ਨਾਲ ਸਥਿਤੀ ਹੋਰ ਵੀ ਗੰਭੀਰ ਹੋ ਗਈ | ਕਾਫ਼ੀ ਦੇਰ ਤੱਕ ਫਾਟਕ ਬੰਦ ਰਹਿਣ ਕਾਰਨ ਸ਼ਹਿਰ ਮਾਨੋ ਦੋ ਹਿੱਸਿਆਂ ਵਿਚ ਵੰਡਿਆ ਗਿਆ ਦਿਖਾਈ ਦਿੱਤਾ | ਲੋਕਾਂ ਨੇ ਰੇਲਵੇ ਵਿਭਾਗ ਤੋਂ ਮੰਗ ਕੀਤੀ ਹੈ ਕਿ ਰੇਲਵੇ ਫਾਟਕ 'ਤੇ ਤਕਨੀਕੀ ਪ੍ਰਬੰਧ ਨੂੰ ਜਲਦ ਦਰੁਸਤ ਕੀਤਾ ਜਾਵੇ ਤੇ ਭੀੜ ਵਾਲੇ ਸਮੇਂ ਵਿਚ ਟ੍ਰੈਫਿਕ ਪ੍ਰਬੰਧ ਲਈ ਖ਼ਾਸ ਇੰਤਜ਼ਾਮ ਕੀਤੇ ਜਾਣ ਤਾਂ ਜੋ ਆਮ ਲੋਕਾਂ ਨੂੰ ਪ੍ਰ੍ਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ |