ਕਲਾਨੌਰ, 29 ਮਈ (ਪੁਰੇਵਾਲ)-ਜ਼ਿਲ੍ਹਾ ਗੁਰਦਾਸਪੁਰ ਤੋਂ ਅੰਤਰਰਾਸ਼ਟਰੀ ਦਸਤਾਰ ਕੋਚ ਵਲੋਂ ਆਪਣੇ ਸਾਥੀਆਂ ਸਮੇਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਵਿਖੇ ਦਸਤਾਰ ਸਿਖਲਾਈ ਕੈਂਪ ਅਤੇ ਦਸਤਾਰਾਂ ਦਾ ਲੰਗਰ ਲਗਾਇਆ ਗਿਆ | ਜਾਣਕਾਰੀ ਸਾਂਝੀ ਕਰਦਿਆਂ ਜਗਜੀਤ ਸਿੰਘ ਢਿੱਲੋਂ ਅੰਤਰਰਾਸ਼ਟਰੀ ਦਸਤਾਰ ਕੋਚ, ਰਵਿੰਦਰ ਸਿੰਘ ਰੰਧਾਵਾ ਬਟਾਲਾ ਨੇ ਦੱਸਿਆ ਕਿ ਉਨ੍ਹਾਂ ਵਲੋਂ ਇਕ ਜਥਾ ਸ਼੍ਰੀ ਹੇਮਕੁੰਟ ਸਾਹਿਬ ਲਈ ਰਵਾਨਾ ਹੋਇਆ ਅਤੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਪਹਿਲੇ ਦਿਨ ਦੀ ਅਰਦਾਸ ਮੌਕੇ ਦਸਤਾਰਾਂ ਦੀ ਸਿਖਲਾਈ ਅਤੇ ਦਸਤਾਰਾਂ ਦੇ ਲੰਗਰ ਲਗਾਏ ਗਏ | ਉਨ੍ਹਾਂ ਦੱਸਿਆ ਕਿ ਇਸ ਦੌਰਾਨ ਉਨ੍ਹਾਂ ਵਲੋਂ ਸਿੱਖਾਂ ਤੋਂ ਇਲਾਵਾ ਗੈਰ ਸਿੱਖਾਂ ਦੇ ਸਿਰਾਂ 'ਤੇ ਵੀ ਪੱਗਾਂ ਸਜਾਈਆਂ ਗਈਆਂ ਅਤੇ ਦਸਤਾਰਾਂ ਭੇਟ ਕੀਤੀਆਂ ਗਈਆਂ | ਢਿੱਲੋਂ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਹ ਸਿੱਖੀ ਦੇ ਪ੍ਰਚਾਰ ਤੇ ਪਸਾਰ ਲਈ ਦਸਤਾਰਾਂ ਸਜਾਉਣ ਦਾ ਕੈਂਪ ਲਗਾ ਰਹੇ ਹਨ ਅਤੇ ਦਸਤਾਰਾਂ ਦਾ ਲੰਗਰ ਲਗਾ ਰਹੇ ਹਨ, ਜਿਸ ਲਈ ਜਿੱਥੇ ਵੀ ਉਹ ਇਹ ਕਾਰਜ ਕਰਦੇ ਹਨ ਓਥੋਂ ਦੇ ਪ੍ਰਬੰਧਕਾਂ ਦਾ ਸਹਿਯੋਗ ਮਿਲ ਰਿਹਾ ਹੈ | ਉਨ੍ਹਾਂ ਦੱਸਿਆ ਕਿ ਟੀਮ ਵਲੋਂ ਗੁਰਦੁਆਰਾ ਰਿਸ਼ੀਕੇਸ਼, ਗੋਬਿੰਦ ਧਾਮ, ਗੋਬਿੰਦ ਘਾਟ ਵਿਖੇ ਵੀ ਕੈਂਪ ਲਗਾਏ ਗਏ | ਇਸ ਮੌਕੇ 'ਤੇ ਕਰਨਬੀਰ ਸਿੰਘ ਧਰਦਿਓ, ਮਨਜੀਤ ਸਿੰਘ ਸਾਹਸਮਸ਼, ਗੁਰਜੀਤ ਸਿੰਘ, ਜੁਗਰਾਜ ਸਿੰਘ, ਹਰਜੀਤ ਸਿੰਘ, ਰੰਧਾਵਾ ਉਦੋਵਾਲੀ, ਗੋਲਡੀ ਜੋਰਡਨ, ਗੁਰਬਾਜ ਸਿੰਘ, ਅਕਾਸ਼ ਸਿੰਘ, ਜਸਵਿੰਦਰ ਸਿੰਘ ਫ਼ੌਜੀ, ਵਿਸ਼ਾਲ ਭਾਰਦਵਾਜ਼ ਵੀ ਹਾਜ਼ਰ ਰਹੇ |