ਬਟਾਲਾ, 11 ਜੂਨ (ਸਤਿੰਦਰ ਸਿੰਘ)-ਧੰਨ-ਧੰਨ ਸੰਤ ਬਾਬਾ ਹਜ਼ਾਰਾ ਸਿੰਘ ਛੋਟੇ ਘੁੰਮਣਾ ਵਾਲੇ ਤੇ ਉਨ੍ਹਾਂ ਦੇ ਚਰਨ ਸੇਵਕ ਜਥੇਦਾਰ ਮੱਖਣ ਸਿੰਘ ਸ਼ਹੀਦ ਖੋਖਰ ਫ਼ੌਜੀਆਂ ਵਾਲਿਆਂ ਦੀ ਸਾਂਝੀ ਬਰਸੀ 14 ਜੂਨ ਨੂੰ ਗੁਰਦੁਆਰਾ ਸ਼ਹੀਦਾਂ ਸਾਹਿਬ ਗੁਰਦਾਸਪੁਰ-ਬਟਾਲਾ ਹਾਈਵੇ ਅੱਡਾ ਊੁਧੋਵਾਲ ਵਿਖੇ ਸ਼ਰਧਾ ਭਾਵਨਾ ਨਾਲ ਮਨਾਈ ਜਾ ਰਹੀ ਹੈ | ਬਰਸੀ ਸਮਾਗਮ ਸਬੰਧੀ ਮੁੱਖ ਸੇਵਾਦਾਰ ਜਥੇਦਾਰ ਬਾਬਾ ਨਾਮਦੇਵ ਗੁਰਦੁਆਰਾ ਬੋਹੜੀ ਸਾਹਿਬ ਛੋਟੇ ਘੁੰਮਣਾ ਵਾਲਿਆਂ ਨੇ ਦੱਸਿਆ ਕਿ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਕਰਕੇ ਸੇਵਾਦਾਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ ਤੇ 12 ਜੂਨ ਨੂੰ ਗੁਰਦੁਆਰਾ ਸ਼ਹੀਦਾਂ ਸਾਹਿਬ ਅੱਡਾ ਊਧੋਵਾਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਸ਼ੁਰੂ ਕਰਵਾਏ ਜਾਣਗੇ, ਜਿਨਾਂ ਦੇ ਭੋਗ 14 ਜੂਨ ਨੂੰ ਪਾਏ ਜਾਣਗੇ | ਉਪਰੰਤ ਦੀਵਾਨ ਸਜਾਏ ਜਾਣਗੇ | ਦੀਵਾਨਾਂ ਵਿਚ ਪੰਥ ਪ੍ਰਸਿੱਧ ਰਾਗੀ, ਢਾਡੀ ਅਤੇ ਕੀਰਤਨੀਏ ਹਾਜ਼ਰੀਆਂ ਭਰ ਕੇ ਸੰਗਤ ਨੂੰ ਗੁਰਬਾਣੀ ਨਾਲ ਜੋੜਨਗੇ ਤੇ ਸੰਤਾਂ ਦੀ ਮਹਿਮਾ ਕਰਨਗੇ | ਇਸ ਮੌਕੇ ਸੰਤ-ਮਹਾਂਪੁਰਖ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰੀਆਂ ਭਰਨਗੀਆਂ | ਸੰਗਤਾਂ ਦੀ ਸੇਵਾ ਲਈ ਸਵੇਰ ਤੋਂ ਹੀ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਜਾਣਗੀਆਂ ਤੇ ਕਈ ਪ੍ਰਕਾਰ ਦੇ ਲੰਗਰ ਵਿਚ ਵੰਡੇ ਜਾਣਗੇ | ਜਥੇਦਾਰ ਨਾਮਦੇਵ ਵਲੋਂ ਸੰਗਤਾਂ ਨੂੰ ਅਪੀਲ ਹੈ ਕਿ ਬਰਸੀ ਮੌਕੇ ਹਾਜ਼ਰੀਆਂ ਭਰ ਕੇ ਵਡਭਾਗੀ ਹੋਵੋ |