ਕਾਦੀਆਂ, 29 ਜੂਨ (ਹਰਦੀਪ ਸਿੰਘ ਸੰਧੂ)-ਯੁਵਕ ਸੇਵਾਵਾਂ ਕਲੱਬ ਬਸਰਾਏ ਵਲੋਂ ਗੁਰੂਦੁਆਰਾ ਹਰਿ ਕਾ ਤੀਰਥ ਬਸਰਾਏ ਵਿਖੇ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ਪਿੰਡ ਦੇ ਬੱਚਿਆਂ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ’ਚ 50 ਵਿਦਿਆਰਥੀਆਂ ਨੇ ਭਾਗ ਲਿਆ। ਵਿਦਿਆਰਥੀਆਂ ਨੇ ਸ਼ਬਦ ਗਾਇਨ, ਕਵੀਸ਼ਰੀ, ਭਾਸ਼ਣ ਤੇ ਚਾਰਟਾਂ ਰਾਹੀਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜੀਵਨ ਇਤਿਹਾਸ ਨੂੰ ਵਿਸਥਾਰ ਪੂਰਵਕ ਸੰਗਤਾਂ ਸਾਹਮਣੇ ਪੇਸ਼ ਕੀਤਾ। ਸ਼ਬਦ ਗਾਇਨ ’ਚੋਂ ਜਸਮੀਨ ਕੌਰ ਤੇ ਗੁਰਮਨ ਸਿੰਘ, ਭਾਸ਼ਣ ਮੁਕਾਬਲੇ ਵਿਚੋਂ ਰੀਹਾ, ਕਵਿਤਾ ’ਚੋਂ ਕਮਲ, ਕਵੀਸ਼ਰੀ ਵਿਚੋਂ ਮੋਹਦੀਪ ਸਿੰਘ ਤੇ ਗੁਰਨੂਰ ਸਿੰਘ, ਚਾਰਟ ਬਣਾਉਣ ਵਿਚੋਂ ਪਵਨਪ੍ਰੀਤ ਸਿੰਘ ਪਹਿਲੇ ਸਥਾਨ ’ਤੇ ਰਹੇ। ਅੱਵਲ ਰਹੇ ਬੱਚਿਆਂ ਨੂੰ ਨਕਦ ਰਾਸ਼ੀ ਤੇ ਤਮਗੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਭਾਗ ਲੈਣ ਵਾਲੇ ਹਰੇਕ ਬੱਚੇ ਨੂੰ ਤਮਗੇ ਦੇ ਨਾਲ-ਨਾਲ ਕਾਪੀਆਂ ਵੀ ਵੰਡੀਆਂ ਗਈਆਂ। ਕਥਾਕਾਰ ਹਰਪ੍ਰੀਤ ਸਿੰਘ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਵਿਸਥਾਰ ਨਾਲ ਦੱਸਿਆ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨਿਰਮਲ ਸਿੰਘ ਕਾਹਲੋਂ ਨੇ ਯੁਵਕ ਸੇਵਾਵਾਂ ਕਲੱਬ ਬਸਰਾਏ ਵਲੋਂ ਸਮੇਂ-ਸਮੇਂ ’ਤੇ ਕੀਤੇ ਜਾ ਰਹੇ ਕਾਰਜਾਂ ਦੀ ਸ਼ਾਲਾਘਾ ਕੀਤੀ। ਕਲੱਬ ਦੇ ਸਰਪ੍ਰਸਤ ਦਿਲਬਾਗ ਸਿੰਘ ਬਸਰਾਵਾਂ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਅਧਿਆਪਕ ਹਰਸਿਮਰਨ ਸਿੰਘ ਨੇ ਨਿਭਾਈ। ਇਸ ਮੌਕੇ ਅਧਿਆਪਕ ਗੁਰਸੇਵਕ ਸਿੰਘ, ਕਲੱਬ ਪ੍ਰਧਾਨ ਸੰਦੀਪ ਸਿੰਘ ਬਾਜਵਾ, ਜਸਵੰਤ ਸਿੰਘ ਰੰਧਾਵਾ, ਬਲਵਿੰਦਰ ਸਿੰਘ ਪ੍ਰਧਾਨ, ਸਰਪੰਚ ਸਤਨਾਮ ਸਿੰਘ, ਅਜੈਬ ਸਿੰਘ, ਜੱਸਾ ਸਿੰਘ ਮਿਸਤਰੀ, ਬਾਬਾ ਰਾਜਵਿੰਦਰ ਸਿੰਘ ਰਾਜੂ, ਚਰਨਜੀਤ ਸਿੰਘ, ਬਿੱਟੂ, ਸਤਨਾਮ ਸਿੰਘ, ਕਲੱਬ ਦੇ ਸਲਾਹਕਾਰ ਗੁਰਸੇਵਕ ਸਿੰਘ ਆਦਿ ਸੰਗਤ ਹਾਜ਼ਰ ਸਨ।