ਪਠਾਨਕੋਟ, 8 ਜੁਲਾਈ (ਵਿਨੋਦ)-ਜ਼ਿਲ੍ਹਾ ਮੈਜਿਸਟਰੇਟ ਪਠਾਨਕੋਟ ਡਾ: ਪੱਲਵੀ ਨੇ ਪਾਬੰਦੀ ਦੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਪ੍ਰੈਗਾਬਾਲੀਨ ਦੇ ਫ਼ਾਰਮੂਲੇ ਤਹਿਤ ਬਣੀ ਦਵਾਈ ਜਿਸ ਨੂੰ ਨਾਰਕੋਟਿਕ ਜਾਂ ਮਨੋਵਿਗਿਆਨਕ ਪਦਾਰਥਾਂ ਵਜੋਂ ਸੂਚਿਤ ਨਹੀਂ ਕੀਤਾ ਗਿਆ ਤੇ ਇਸ ਦੀ ਦੁਰਵਰਤੋਂ ਨੂੰ ਰੋਕਣ ਲਈ ਇਸ ਦੀ ਖੁੱਲ੍ਹੀ ਵਿੱਕਰੀ ’ਤੇ ਪਾਬੰਦੀ ਲਗਾਈ ਜਾਂਦੀ ਹੈ। ਇਸ ਦਵਾਈ ਨੂੰ ਵੇਚਣ ਲਈ ਡਾਕਟਰ ਦੀ ਸਿਫ਼ਾਰਿਸ਼ ਦੇ ਨਾਲ-ਨਾਲ ਸਾਰਾ ਰਿਕਾਰਡ ਰੱਖਣਾ ਜ਼ਰੂਰੀ ਹੈ। ਜ਼ਿਲ੍ਹਾ ਮੈਜਿਸਟ੍ਰੇਟ ਪਠਾਨਕੋਟ ਨੇ ਪਾਬੰਦੀ ਦੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਕੈਪਸੂਲ/ਟੈਬਲੇਟ ਦੇ ਰੂਪ ’ਚ 150 ਮਿਲੀਗ੍ਰਾਮ ਤੇ 300 ਮਿਲੀਗ੍ਰਾਮ ਵਾਲੇ ਪ੍ਰੈਗਾਬਾਲਿਨ ਦੇ ਫ਼ਾਰਮੂਲੇ ਦੀ ਜਨਤਕ ਤੌਰ ’ਤੇ ਦੁਰਵਰਤੋਂ ਦੇ ਮਾਮਲੇ ਸਾਹਮਣੇ ਆਏ ਹਨ। ਕਈ ਲੋਕ ਇਸ ਫ਼ਾਰਮੂਲੇ ਦੀ ਦਵਾਈ ਦੇ ਆਦਿ ਹੋ ਰਹੇ ਹਨ। ਪਰ ਡਰੱਗ ਪ੍ਰੈਗਾਬਾਲਿਨ 150ਐਮ.ਜੀ./300ਐਮ.ਜੀ. ਡਾਕਟਰਾਂ ਦੁਆਰਾ ਅਕਸਰ ਤਜਵੀਜ਼ ਨਹੀਂ ਕੀਤੀ ਜਾਂਦੀ। ਇੱਥੋਂ ਤੱਕ ਕਿ ਨਿਊਰੋਲੋਜਿਸਟ/ਆਰਥੋਪੀਡੀਸ਼ੀਅਨ ਵੀ ਸਿਰਫ਼ 75 ਮਿਲੀਗ੍ਰਾਮ ਡਰੱਗ ਪ੍ਰੈਗਾਬਾਲਿਨ ਦਾ ਨੁਸਖ਼ਾ ਦੇ ਰਹੇ ਹਨ। ਜ਼ਿਲ੍ਹਾ ਮੈਜਿਸਟ੍ਰੇਟ ਪਠਾਨਕੋਟ ਡਾ: ਪੱਲਵੀ ਨੇ ਭਾਰਤੀ ਨਾਗਰਿਕ ਸੁਰੱਖਿਆ ਸਹਿੰਤਾ, 2023 ਦੀ ਧਾਰਾ 163 ਬੀ.ਐਨ.ਐਸ.ਐਸ. ਅਧੀਨ ਆਦੇਸ਼ ਦਿੱਤੇ ਹਨ ਕਿ ਇਸ ਫ਼ਾਰਮੂਲੇ ਦੇ 75 ਮਿਲੀਗ੍ਰਾਮ ਤੋਂ ਵੱਧ ਕੈਪਸੂਲ/ਟੈਬਲੇਟ ਦੇ ਭੰਡਾਰਨ ਅਤੇ ਵਿੱਕਰੀ ’ਤੇ ਪੂਰਨ ਪਾਬੰਦੀ ਹੋਵੇਗੀ। ਇਹ ਹੁਕਮ 8 ਜੁਲਾਈ 2026 ਤੋਂ 07 ਸਤੰਬਰ 2026 ਤੱਕ ਲਾਗੂ ਰਹੇਗਾ।