ਗੁਰਦਾਸਪੁਰ, 12 ਜੁਲਾਈ (ਅਸ਼ੋਕ ਸ਼ਰਮਾ)-ਗੁਰਦਾਸਪੁਰ ਸ਼ਹਿਰ ’ਚ ਸੀਵਰੇਜ ਪ੍ਰਣਾਲੀ ਬੰਦ ਹੋਣ ਨਾਲ ਮੀਂਹ ਦਾ ਪਾਣੀ ਦੁਕਾਨਾਂ ਤੇ ਨੀਵੀਂ ਜਗ੍ਹਾ ’ਤੇ ਛੱਪੜ ਲੱਗਣ ਨਾਲ ਲੋਕਾਂ ਦਾ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਜਦੋਂ ਕਿ ਸੀਵਰੇਜ ਪ੍ਰਣਾਲੀ ਦੀ ਘਟੀਆ ਕਾਰਗੁਜਾਰੀ ਦਾ ਕਾਰਜ ਪਿਛਲੇ ਕਈ ਸਾਲਾਂ ਤੋਂ ਹੱਲ ਨਹੀਂ ਹੋਇਆ ਹੈ ਤੇ ਨੀਵੇਂ ਘਰਾਂ ’ਚ ਪਾਣੀ ਜਾਣ ਨਾਲ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਗੰਭੀਰ ਨਾ ਹੋਣ ਕਰਕੇ ਲੋਕਾਂ ਦਾ ਮਹਿਕਮੇ ਪ੍ਰਤੀ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਇਸ ਸਬੰਧੀ ਸ਼ਹਿਰ ਦੇ ਬਹੁਤ ਸਾਰੇ ਦੁਕਾਨਦਾਰਾਂ ਤੇ ਆਮ ਜਨਤਾ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਗੁਰਦਾਸਪੁਰ ਸ਼ਹਿਰ ਦੇ ਹਨੂਮਾਨ ਚੌਕ ਤੋਂ ਮੰਡੀ ਤੋਂ ਰੇਲਵੇ ਲਾਇਨ ਨੂੰ ਜਾਣ ਵਾਲੀ ਸੜਕ ’ਤੇ ਇੰਨ੍ਹਾ ਜ਼ਿਆਦਾ ਪਾਣੀ ਇਕੱਠਾ ਹੋ ਗਿਆ ਕਿ ਕਈ ਦੁਕਾਨਦਾਰਾਂ ਦੀਆਂ ਦੁਕਾਨਾਂ ਵਿਚ ਦਾਖ਼ਲ ਹੋ ਕੇ ਭਾਰੀ ਨੁਕਸਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਲੋਕ ਨਿਰਮਾਣ ਵਿਭਾਗ ਗੁਰਦਾਸਪੁਰ ਨੇ ਸ਼ਹਿਰਾਂ ਦੀਆਂ ਬਹੁਤੀਆਂ ਸੜਕਾਂ ਦੀ ਮੁਰੰਮਤ ਕਰਵਾ ਦਿੱਤੀ ਹੈ ਤੇ ਸਾਇਡਾਂ ਦੇ ਨਾਲੇ ਜਿਹੜੇ ਪਹਿਲਾਂ ਚੱਲਦੇ ਸਨ, ਉਹ ਬੰਦ ਕਰ ਦਿੱਤੇ ਹੋਏ ਹਨ ਤੇ ਇਸ ਨਾਲ ਪਾਣੀ ਦਾ ਸੜਕਾਂ ਉੱਤੇ ਕੋਈ ਵੀ ਨਿਕਾਸ ਨਹੀਂ ਹੈ ਤੇ ਸੜਕਾਂ ਦੇ ਵਿਚਕਾਰ ਫੁੱਟ ਤੋਂ ਵੱਧ ਪਾਣੀ ਫਿਰ ਰਿਹਾ ਸੀ ਤੇ ਰਾਹਗੀਰਾਂ ਨੂੰ ਲੰਘਣ ਸਮੇਂ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹਿਰ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਸ਼ਹਿਰ ’ਚ ਇਹ ਸਮੱਸਿਆ ਉਦੋਂ ਦੀ ਬਣੀ ਜਦੋਂ ਦੀ ਸਥਾਨਕ ਸਰਕਾਰਾਂ ਬਣੀਆਂ ਹੋਈਆਂ ਤੇ ਉਹ ਬਿੱਲਕੁਲ ਗੰਭੀਰ ਨਹੀਂ ਦਿਖ ਰਹੀਆਂ ਹਨ ਤੇ ਸਿਰਫ ਖਾਨਾ ਪੂਰਤੀ ਕਰਕੇ ਸਰਕਾਰਾਂ ਨੂੰ ਲੱਖਾਂ ਰੁਪਏ ਦਾ ਚੂਨਾ ਹਰ ਵਰੇ ਸੀਵਰੇਜ ਨੂੰ ਠੀਕ ਕਰਵਾਉਣ ਬਦਲੇ ਲਗਾ ਰਹੇ ਹਨ, ਫਿਰ ਵੀ ਪਾਣੀ ਦੇ ਨਿਕਾਸ ਦਾ ਸ਼ਹਿਰ ਅੰਦਰ ਕੋਈ ਵੀ ਸਥਾਈ ਹੱਲ ਨਹੀਂ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਕਾਰਜ ਨੂੰ ਜ਼ਿਲ੍ਹਾ ਪ੍ਰਸ਼ਾਸਨ ਮਹਿਕਮੇ ਨੂੰ ਵਧੀਆ ਕੰਮ ਕਰਨ ਦੀ ਤਾੜਨਾ ਵੀ ਕਰਦਾ ਹੈ। ਫਿਰ ਵੀ ਕੰਮ ਸ਼ਹਿਰ ਅੰਦਰ ਸਹੀ ਰੂਪ ’ਚ ਨਹੀਂ ਹੁੰਦਾ ਹੈ। ਜਿਸ ਕਰਕੇ ਸ਼ਹਿਰ ਵਾਸੀਆਂ ਦੇ ਹੱਥ ਹਮੇਸ਼ਾ ਨਿਰਾਸ਼ਾ ਲੱਗਦੀ ਹੈ। ਉਨ੍ਹਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਸ਼ਹਿਰ ’ਚ ਸੀਵਰੇਜ ਦੀ ਸਮੱਸਿਆ ਸਥਾਈ ਹੱਲ ਲਈ ਡਿਪਟੀ ਕਮਿਸ਼ਨਰ ਗੁਰਦਾਸਪੁਰ ਵਲੋਂ ਸਖਤ ਨਿਰਦੇਸ਼ ਦਿੱਤੇ ਜਾਣ। ਜਿਸ ਨਾਲ ਸ਼ਹਿਰ ਵਾਸੀ ਲੰਮੇ ਸਮੇਂ ਦੀ ਸੀਵਰੇਜ ਦੀ ਸਮੱਸਿਆ ਨਾਲ ਜੂਝ ਰਹੇ ਹਨ, ਉਸ ਦਾ ਹੱਲ ਪੱਕੇ ਤੌਰ ’ਤੇ ਹੋ ਸਕੇ।
ਗੁਰਦਾਸਪੁਰ ਸ਼ਹਿਰ ’ਚ ਸੀਵਰੇਜ ਪ੍ਰਣਾਲੀ ਬੁਰੀ ਤਰ੍ਹਾਂ ਬੰਦ ਹੋਣ ਨਾਲ ਮੀਂਹ ਦੇ ਪਾਣੀ ਨਾਲ ਦੁਕਾਨਾਂ ਤੇ ਨੀਵੀਂਆਂ ਜਗ੍ਹਾ ’ਤੇ ਲੱਗੇ ਛੱਪੜ
ਅਜੀਤ ਡੈਸਕ
13-07-2026