ਕਾਹਨੂੰਵਾਨ/ਘੱਲੂਘਾਰਾ ਸਾਹਿਬ, 13 ਜੁਲਾਈ (ਨਿਸ਼ਾਨ ਸਿੰਘ ਚਾਹਲ, ਪ੍ਰੇਮ ਮਿਨਹਾਸ)-ਥਾਣਾ ਕਾਹਨੂੰਵਾਨ ਖੇਤਰ ’ਚ ਸਰਗਰਮ ਮੱਝਾਂ ਤੇ ਗਾਵਾਂ ਚੋਰੀ ਕਰਨ ਵਾਲੇ ਇਕ ਗਿਰੋਹ ਵਲੋਂ ਐਤਵਾਰ ਤੇ ਸੋਮਵਾਰ ਦੀ ਦਰਮਿਆਨੀ ਰਾਤ ਨੂੰ ਕਾਹਨੂੰਵਾਨ ਤੋਂ ਗੁਰਦੁਆਰਾ ਘੱਲੂਘਾਰਾ ਸਾਹਿਬ ਨੂੰ ਜਾਂਦੀ ਸੜਕ ’ਤੇ ਖੁੱਲ੍ਹੇ ਪਸ਼ੂਆਂ ਦੇ ਫਾਰਮ ’ਚ ਚੋਰੀ ਕੀਤੀ ਗਈ। ਫਾਰਮ ਦੇ ਮਾਲਕ ਬਿਕਰਮ ਸਿੰਘ ਵਾਸੀ ਕਾਹਨੂੰਵਾਨ ਨੇ ਦੱਸਿਆ ਕਿ ਉਹ ਯੂਰਪ ਦੇ ਦੇਸ਼ਾਂ ’ਚ ਚੰਗੀ ਨੌਕਰੀ ਕਰਦਾ ਸੀ। ਉਸ ਨੇ ਇਕ ਦਿਨ ਮੁੱਖ ਮੰਤਰੀ ਭਗਵੰਤ ਮਾਨ ਦੀ ਉਹ ਸਪੀਚ ਸੁਣੀ, ਜਿਸ ਵਿਚ ਉਨ੍ਹਾਂ ਵਲੋਂ ਕਿਹਾ ਗਿਆ ਸੀ ਕਿ ਵਿਦੇਸ਼ਾਂ ਵਿਚ ਰਹਿੰਦੇ ਨੌਜਵਾਨ ਪੰਜਾਬ ਪਰਤ ਕੇ ਆਪਣਾ ਕੋਈ ਕਾਰੋਬਾਰ ਕਰਨ, ਪੰਜਾਬ ਸਰਕਾਰ ਵਲੋਂ ਅਜਿਹੇ ਨੌਜਵਾਨਾਂ ਦਾ ਖ਼ਾਸ ਖਿਆਲ ਰੱਖਿਆ ਜਾਵੇਗਾ ਅਤੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਉਸ ਨੇ ਯੂਰਪ ਦੇਸ਼ਾਂ ਵਿਚੋਂ ਵਾਪਸ ਪਰਤ ਕੇ ਕੁਝ ਸਮਾਂ ਪਹਿਲਾਂ ਆਪਣੇ ਖੇਤਾਂ ਵਿਚ ਦੁੱਧਾਰੂ ਗਾਵਾਂ ਦਾ ਫਾਰਮ ਖੋਲਿਆ ਹੈ, ਪਰ ਬੀਤੀ ਰਾਤ ਚੋਰਾਂ ਦਾ ਇਕ ਗਿਰੋਹ ਉਸ ਦੇ ਗਾਵਾਂ ਦੇ ਫਾਰਮ ’ਚ ਕਿਸੇ ਤਰ੍ਹਾਂ ਨਾਲ ਦਾਖ਼ਲ ਹੋਇਆ ਤੇ ਉਨ੍ਹਾਂ ਨੇ ਫਾਰਮ ਹਾਊਸ ’ਤੇ ਸੁੱਤੇ ਉਸ ਦੇ ਨੌਕਰ ਗੁਰਨਾਮ ਸਿੰਘ ਦੇ ਹੱਥਾਂ ਪੈਰਾਂ ਨੂੰ ਰੱਸੀ ਨਾਲ ਬੰਨ ਦਿੱਤਾ ਤੇ ਉਸ ਕੋਲੋਂ ਮੋਬਾਇਲ ਫ਼ੋਨ ਖੋਹ ਕੇ ਕੰਧ ਤੋਂ ਪਾਰ ਸੁੱਟ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਗੇਟ ਦੇ ਅੰਦਰ ਲੱਗੇ ਤਾਲੇ ਨੂੰ ਖੋਲਿਆ ਤੇ ਅੰਦਰੋਂ 3 ਕੀਮਤੀ ਗਾਵਾਂ, ਇਕ ਵੱਛੀ, ਕਟਰ, ਇਨਵਰਟਰ-ਬੈਟਰਾਂ, 3 ਫ਼ੀਡ ਦੀਆਂ ਬੋਰੀਆਂ ਚੋਰੀ ਕਰਕੇ ਗਾਵਾਂ ਸਮੇਤ ਇਹ ਸਾਰਾ ਸਮਾਨ ਇਕ ਛੋਟੇ ਹਾਥੀ ਤੇ ਬਲੇਰੋਂ ਜੀਪ ’ਚ ਲੱਧ ਕੇ ਲੈ ਗਏ। ਇਹ ਚੋਰ ਜਾਂਦੇ ਸਮੇਂ ਫਾਰਮ ’ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਡੀ.ਵੀ.ਆਰ. ਵੀ ਆਪਣੇ ਨਾਲ ਲੈ ਗਏ। ਬਿਕਰਮ ਸਿੰਘ ਨੇ ਦੱਸਿਆ ਕਿ ਉਸ ਦੇ ਫਾਰਮ ਤੋਂ ਗਾਵਾਂ ਤੇ ਹੋਰ ਸਾਮਾਨ ਚੋਰੀ ਹੋਣ ਦੇ ਨਾਲ ਉਸ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਸਬੰਧੀ ਕਾਹਨੂੰਵਾਨ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਦਿੱਤੀ ਗਈ ਹੈ।