ਕਾਹਨੂੰਵਾਨ,14 ਜੁਲਾਈ (ਨਿਸ਼ਾਨ ਸਿੰਘ ਚਾਹਲ)-ਸੱਤਾਧਾਰੀ ਪੰਜਾਬ ਸਰਕਾਰ ਦੇ ਮੰਤਰੀਆਂ ਤੇ ਵਿਧਾਇਕਾਂ ਵਲੋਂ ਰਾਜ ਅੰਦਰ ਸੜਕੀ ਤੰਤਰ ਨੂੰ ਮਜਬੂਤ ਕਰਨ ਦੇ ਦਾਅਵੇ ਕਰਨ ਦੇ ਨਾਲ ਹਲਕੇ ਦੇ ਹਰੇਕ ਪਿੰਡ ਦੀਆਂ ਸੜਕਾਂ ਤੇ ਫਿਰਨੀਆਂ ਨੂੰ ਮਜਬੂਤ ਤੇ ਪੱਕੀਆਂ ਬਣਾਉਣ ਦੇ ਲਈ ਥਾਂ-ਥਾਂ ’ਤੇ ਨੀਂਹ ਪੱਥਰ ਰੱਖੇ ਗਏ ਹਨ। ਇਸ ਦੇ ਨਾਲ ਹੀ ਪੰਜਾਬ ਸਰਕਾਰ ਵਲੋਂ ਜਿਸ ਠੇਕੇਦਾਰ ਨੂੰ ਸੜਕ ਬਣਾਉਣ ਦੇ ਲਈ ਟੈਂਡਰ ਦਿੱਤੇ ਜਾਂਦੇ ਹਨ, ਉਸ ਠੇਕੇਦਾਰ ਦੀ ਅਗਲੇ 5 ਸਾਲਾਂ ਤੱਕ ਉਕਤ ਸੜਕ ਦੀ ਦੇਖ-ਰੇਖ ਤੇ ਮੁਰੰਮਤ ਦੇ ਕੰਮ ਦੀ ਜ਼ਿੰਮੇਵਾਰੀ ਨਿਰਧਾਰਤ ਕੀਤੀ ਜਾਂਦੀ ਹੈ। ਇਸ ਲਈ ਲੋਕ ਨਿਰਮਾਣ ਵਿਭਾਗ ਪੰਜਾਬ ਵਲੋਂ ਸੰਬੰਧਿਤ ਠੇਕੇਦਾਰ ਦੇ ਨਾਲ ਇਕ ਲਿਖਤੀ ਸਮਝੌਤਾ ਵੀ ਕੀਤਾ ਜਾਂਦਾ ਹੈ, ਪਰ ਕਸਬਾ ਕਾਹਨੂੰਵਾਨ ਤੋਂ ਚੱਕ ਸ਼ਰੀਫ਼ ਨੂੰ ਜਾਂਦੀ 5 ਕਿਲੋਮੀਟਰ ਲੰਬੀ ਸੜਕ, ਜਿਸ ਨੂੰ ਮਜ਼ਬੂਤ ਅਤੇ ਚੌੜਾ ਬਣਾਉਣ ਲਈ ਬੀਤੇ ਸਾਲ 7 ਜੁਲਾਈ 2025 ਨੂੰ ਹਲਕਾ ਕਾਦੀਆਂ ਦੇ ਤਤਕਾਲੀ ਇੰਚਾਰਜ ਸੇਖਵਾਂ ਨੇ ਨੀਂਹ ਪੱਥਰ ਰੱਖਿਆ ਸੀ, ਪਰ ਇਸ ਸੜਕ ਦੀ ਮੁਰੰਮਤ ਦਾ ਕੰਮ ਕਾਫ਼ੀ ਪੱਛੜ ਕੇ 3 ਮਹੀਨੇ ਪਹਿਲਾਂ ਹੀ ਸ਼ੁਰੂ ਹੋਇਆ ਸੀ, ਪਰ ਇਹ ਸੜਕ ਬਣਨ ਤੋਂ 3 ਮਹੀਨੇ ਬਾਅਦ ਹੀ ਕਈ ਥਾਵਾਂ ’ਤੋਂ ਉੱਖੜ ਗਈ ਹੈ, ਜਿਸ ਕਾਰਨ ਇਸ ਸੜਕ ਉੱਪਰ ਹਾਦਸੇ ਦਾ ਡਰ ਬਣਿਆ ਰਹਿੰਦਾ। ਇਲਾਕੇ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਇਸ ਸੜਕ ਦੀ ਫਿਰ ਤੋਂ ਸਹੀ ਤਰੀਕੇ ਨਾਲ ਮੁਰੰਮਤ ਕੀਤੀ ਜਾਵੇ। ਇਸ ਸਬੰਧੀ ਜਦੋਂ ਲੋਕ ਨਿਰਮਾਣ ਵਿਭਾਗ ਦੇ ਐੱਸ.ਡੀ.ਓ. ਬਲਵਿੰਦਰ ਸਿੰਘ ਦਾ ਪੱਖ ਜਾਣਿਆਂ ਤਾਂ ਉਨ੍ਹਾਂ ਕਿਹਾ ਕਿ ਇਸ ਸੜਕ ਉੱਪਰ ਲੁੱਕ ਤੇ ਬੱਜਰੀ ਦੀ ਇਕ ਹੋਰ ਲੇਅਰ ਜਲਦ ਪਾਈ ਜਾ ਰਹੀ ਹੈ, ਜਿਸ ਵੀ ਥਾਂ ਤੋਂ ਇਹ ਸੜਕ ਉੱਖੜੀ ਹੈ। ਉਸ ਥਾਂ ਤੋਂ ਸੜਕ ਨੂੰ ਹੋਰ ਮਜ਼ਬੂਤ ਅਤੇ ਪੱਕਿਆਂ ਕੀਤਾ ਜਾਵੇਗਾ।