ਗੁਰਦਾਸਪੁਰ, 16 ਜੁਲਾਈ (ਪੰਕਜ ਸ਼ਰਮਾ)-ਸਫਾਈ ਕਰਮਚਾਰੀਆਂ ਦੀ ਚੱਲ ਰਹੀ ਹੜਤਾਲ ਕਾਰਨ ਸ਼ਹਿਰ ’ਚ ਜਗ੍ਹਾ-ਜਗ੍ਹਾ ਕੂੜੇ ਦੇ ਢੇਰ ਲੱਗੇ ਹੋਏ ਹਨ। ਕਈ ਦਿਨਾਂ ਤੋਂ ਕੂੜਾ ਨਾ ਚੁੱਕੇ ਜਾਣ ਕਾਰਨ ਸ਼ਹਿਰ ਦੇ ਗੀਤਾ ਭਵਨ ਰੋਡ, ਹਨੂੰਮਾਨ ਚੌਕ, ਮੱਛੀ ਮਾਰਕੀਟ, ਸੰਗਲਪੁਰਾ ਰੋਡ, ਲਾਇਬ੍ਰੇਰੀ ਰੋਡ, ਨਹਿਰੂ ਪਾਰਕ, ਬਹਿਰਾਮਪੁਰ ਰੋਡ, ਮੇਹਰ ਚੰਦ ਰੋਡ ਸਮੇਤ ਕਈ ਇਲਾਕਿਆਂ ’ਚ ਕੂੜੇ ਦੇ ਢੇਰ ਲੱਗੇ ਹੋਏ ਹਨ। ਸ਼ਹਿਰ ਦੀਆਂ ਗਲੀਆਂ, ਬਾਜ਼ਾਰਾਂ ਤੇ ਰਿਹਾਇਸ਼ੀ ਇਲਾਕਿਆਂ ’ਚ ਗੰਦਗੀ ਦਾ ਅੰਬਾਰ ਲੱਗ ਗਿਆ ਹੈ। ਗਰਮੀ ਤੇ ਬਰਸਾਤ ਦੇ ਮੌਸਮ ਵਿਚ ਕੂੜੇ ਵਿਚੋਂ ਉੱਠ ਰਹੀ ਬਦਬੂ ਕਾਰਨ ਲੋਕਾਂ ਦਾ ਘਰਾਂ ਤੇ ਦੁਕਾਨਾਂ ਦੇ ਬਾਹਰ ਖੜ੍ਹਾ ਹੋਣਾ ਵੀ ਮੁਸ਼ਕਿਲ ਹੋ ਗਿਆ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਜਲਦੀ ਸਫਾਈ ਨਾ ਹੋਈ ਤਾਂ ਡੇਂਗੂ, ਮਲੇਰੀਆ ਤੇ ਹੋਰ ਛੂਤ ਦੀਆਂ ਬਿਮਾਰੀਆਂ ਫੈਲਣ ਦਾ ਖ਼ਤਰਾ ਵੱਧ ਸਕਦਾ ਹੈ। ਕੂੜੇ ਦੇ ਢੇਰ ਦੁਕਾਨਾਂ ਦੇ ਬਾਹਰ ਲੱਗਣ ਕਾਰਨ ਵਪਾਰੀ ਵਰਗ ਵੀ ਕਾਫ਼ੀ ਪ੍ਰੇਸ਼ਾਨ ਹੈ। ਵਪਾਰੀਆਂ ਨੇ ਦੱਸਿਆ ਕਿ ਗੰਦਗੀ ਤੇ ਬਦਬੂ ਕਾਰਨ ਗਾਹਕ ਬਾਜ਼ਾਰਾਂ ਵਿਚ ਆਉਣ ਤੋਂ ਗੁਰੇਜ਼ ਕਰ ਰਹੇ ਹਨ, ਜਿਸ ਨਾਲ ਉਨ੍ਹਾਂ ਦੇ ਕਾਰੋਬਾਰ ‘ਤੇ ਮਾੜਾ ਅਸਰ ਪੈ ਰਿਹਾ ਹੈ ਤੇ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਤੁਰੰਤ ਕੂੜਾ ਚੁੱਕਣ ਤੇ ਹਾਲਾਤ ਸੁਧਾਰਨ ਕਰਨ ਦੀ ਮੰਗ ਕੀਤੀ ਹੈ। ਉੱਧਰ ਸਫਾਈ ਕਰਮਚਾਰੀਆਂ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਲਟਕਦੀਆਂ ਮੰਗਾਂ ਨੂੰ ਸਰਕਾਰ ਵਲੋਂ ਨਹੀਂ ਮੰਨਿਆ ਜਾਂਦਾ, ਉਦੋਂ ਤੱਕ ਹੜਤਾਲ ਜਾਰੀ ਰਹੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਮੰਗਾਂ ਪੂਰੀਆਂ ਹੋਣ ਤੋਂ ਬਾਅਦ ਹੀ ਉਹ ਕੰਮ ‘ਤੇ ਵਾਪਸ ਪਰਤਣਗੇ।