ਗੁਰਦਾਸਪੁਰ, 16 ਜੁਲਾਈ (ਅਸ਼ੋਕ ਸ਼ਰਮਾ)-ਗੁਰਦਾਸਪੁਰ ਹਲਕੇ ਦੇ ਇੰਚਾਰਜ ਰਮਨ ਬਹਿਲ ਦੀਆਂ ਵਿਕਾਸ ਤੇ ਲੋਕ ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਵਾਰਡ ਨੰਬਰ 4 ਤੋਂ ਆਜ਼ਾਦ ਕੌਂਸਲਰ ਆਸ਼ਾ ਰਾਣੀ ਪਤਨੀ ਲਖਵਿੰਦਰ ਆਪਣੀ ਟੀਮ ਨਾਲ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ ਹਨ। ਰਮਨ ਬਹਿਲ ਨੇ ਪਾਰਟੀ ’ਚ ਸ਼ਾਮਿਲ ਹੋਣ ‘ਤੇ ਆਜ਼ਾਦ ਕੌਂਸਲਰ ਆਸ਼ਾ ਰਾਣੀ ਦਾ ਸਵਾਗਤ ਕਰਦਿਆਂ ਕਿਹਾ ਕਿ ਲੋਕਾਂ ਦਾ ਵਧਦਾ ਵਿਸ਼ਵਾਸ ਸੂਬੇ ’ਚ ਆਮ ਆਦਮੀ ਪਾਰਟੀ ਦੀਆਂ ਮਜ਼ਬੂਤ ਹੋ ਰਹੀਆਂ ਨੀਤੀਆਂ ਤੇ ਲੋਕਪੱਖੀ ਕਾਰਜਾਂ ਦੀ ਗਵਾਹੀਆਂ ਭਰਦਾ ਹੈ, ਜਿਸ ਸਦਕਾ ਆਪ ਪਰਿਵਾਰ ਦਾ ਕਾਫਲਾ ਦਿਨੋਂ ਦਿਨ ਵੱਧ ਰਿਹਾ ਹੈ। ਗੁਰਦਾਸਪੁਰ ਹਲਕੇ ਦੇ ਵਿਕਾਸ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਹਲਕੇ ’ਚ ਵੱਖ-ਵੱਖ ਵਿਕਾਸ ਕੰਮ ਕਰਵਾਏ ਜਾ ਚੁੱਕੇ ਹਨ ਤੇ ਕਈ ਵਿਕਾਸ ਕੰਮ ਪ੍ਰਗਤੀ ਅਧੀਨ ਹਨ। ਉਨ੍ਹਾਂ ਦੁਹਰਾਇਆ ਕਿ ਗੁਰਦਾਸਪੁਰ ਸ਼ਹਿਰ ਸਮੇਤ ਸਮੁੱਚੇ ਹਲਕੇ ਦਾ ਚਹੁੰਪੱਖੀ ਵਿਕਾਸ ਕੰਮ ਕਰਵਾਉਣ ਵਿਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਰਮਨ ਬਹਿਲ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ, ਲੋਕਾਂ ਦੇ ਸਰਵਪੱਖੀ ਵਿਕਾਸ ਤੇ ਭਲਾਈ ਸਕੀਮਾਂ ਦਾ ਲਾਭ ਪਾਰਦਰਸ਼ੀ ਢੰਗ ਨਾਲ ਦੇਣ ਲਈ ਵਚਨਬੱਧ ਹੈ। ਉਨ੍ਹਾਂ ਪੰਜਾਬ ਸਰਕਾਰ ਵਲੋਂ ਮਹਿਜ ਚਾਰ ਸਾਲਾ ਅੰਦਰ ਲਏ ਵੱਡੇ ਇਤਿਹਾਸਕ ਫੈਸਲਿਆਂ ਦੀ ਗੱਲ ਕਰਦਿਆਂ ਦੱਸਿਆ ਕਿ ਸਿੱਖਿਆ ਦਾ ਮਿਆਰ ਹੋਰ ਉੱਚਾ ਚੁੱਕਣ ਲਈ ਸਕੂਲ ਆਫ ਐਮੀਂਨੈੱਸ ਖੋਲੇ ਗਏ, ਸਿੱਖਿਆ ਦੇ ਖੇਤਰ ਵਿਚ ਹੋਰ ਸੁਧਾਰ ਦੇ ਮੰਤਵ ਨਾਲ ਅਧਿਆਪਕਾਂ ਨੂੰ ਸਿੰਘਾਪੁਰ ਵਿਖੇ ਭੇਜਿਆ, ਆਮ ਆਦਮੀ ਕਲੀਨਿਕ ਖੋਲ੍ਹੇ, 600 ਯੂਨਿਟ ਬਿਜਲੀ ਦੇ ਬਿੱਲ ਮੁਆਫ ਕੀਤੇ, ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਸ਼ੁਰੂ ਕੀਤੀ, 10 ਲੱਖ ਰੁਪਏ ਤੱਕ ਇਲਾਜ ਕਰਵਾਉਣ ਲਈ ਸਿਹਤ ਯੋਜਨਾ ਲਾਗੂ ਕੀਤੀ, ਮੁੱਖ ਮੰਤਰੀ ਸਤਿਕਾਰ ਯੋਜਨਾ ਲਾਗੂ ਕੀਤੀ ਗਈ, ਔਰਤਾਂ ਨੂੰ ਮੁਫਤ ਬੱਸ ਦੀ ਸਹੂਲਤ, ਕਿਰਤੀਆਂ ਦੇ ਹਿੱਤ ਲਈ ਵੱਡੇ ਫੈਸਲੇ, ਕਿਸਾਨਾਂ ਨੂੰ ਬੋਮੌਸਮੀ ਬਰਸਾਤ ਕਾਰਨ ਖਰਾਬ ਹੋਈ ਫਸਲ ਦਾ ਖਰਾਬਾ ਦੇਣ ਸਮੇਤ ਜ਼ਿਕਰਯੋਗ ਫੈਸਲੇ ਲਏ ਗਏ ਹਨ।