ਗੁਰਦਾਸਪੁਰ, 16 ਜੁਲਾਈ (ਚੱਕਰਾਜਾ)-ਪੰਜਾਬ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਦੀ ਵਿਸ਼ੇਸ ਮੀਟਿੰਗ ਪਿਆਰਾ ਸਿੰਘ ਬਲਾਕ ਪ੍ਰਧਾਨ ਧਾਰੀਵਾਲ ਦੀ ਪ੍ਰਧਾਨਗੀ ਹੇਠ ਸ਼ਹੀਦ ਬਲਜੀਤ ਸਿੰਘ ਯਾਦਗਾਰੀ ਹਾਲ ਵਿਖੇ ਹੋਈ। ਜ਼ਿਲ੍ਹਾ ਪ੍ਰੈੱਸ ਸਕੱਤਰ ਮੰਗਤ ਚੰਚਲ ਨੇ ਮੀਟਿੰਗ ਦਾ ਅਜੰਡਾ ਪੇਸ਼ ਕੀਤਾ। ਜ਼ਿਲ੍ਹਾ ਵਿੱਤ ਸਕੱਤਰ ਸੁਰੇਸ਼ ਸ਼ਰਮਾ ਨੇ ਦੱਸਿਆ ਕਿ 17 ਜੁਲਾਈ ਨੂੰ ਮੁਲਾਜ਼ਮ-ਪੈਨਸ਼ਨਰ ਸਾਂਝੇ ਮੋਰਚੇ ਦੀ ਮੁਹਾਲੀ ਵਿਖੇ ਹੋਣ ਵਾਲੀ ਰੈਲੀ ਹੁਣ 7 ਅਗਸਤ ਨੂੰ ਮੋਹਾਲੀ ਵਿਖੇ ਹੋਵੇਗੀ ਤੇ 29 ਜੁਲਾਈ ਸੰਗਰੂਰ ਵਿਖੇ ਹੋਣ ਵਾਲੀ ਮੁਲਾਜ਼ਮ-ਪੈਨਸ਼ਨਰ ਸਾਂਝੇ ਮੋਰਚੋ ਦੀ ਰੈਲੀ ਪਹਿਲਾਂ ਤੋਂ ਮਿਥੇ ਦਿਨ 29 ਜੁਲਾਈ ਨੂੰ ਹੀ ਸੰਗਰੂਰ ਵਿਖੇ ਹੋਵੇਗੀ। ਉਨ੍ਹਾਂ ਨੇ 29 ਜੁਲਾਈ ਦੀ ਰੈਲੀ ਵਿਚ ਹੁੰਮਹੁਮਾ ਕੇ ਸ਼ਾਮਿਲ ਹੋਣ ਦਾ ਸੱਦਾ ਦਿੱਤਾ, ਜਿਸ ਨੂੰ ਸਰਵਸੰਮਤੀ ਨਾਲ ਪ੍ਰਵਾਨ ਕੀਤਾ ਗਿਆ । ਮੱਖਣ ਕੁਹਾੜ ਨੇ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਜੋ ਵੱਡੇ ਵੱਡੇ ਸਬਜ਼ਬਾਗ ਦਿਖਾ ਕੇ ਸੱਤਾ ਵਿਚ ਆਈ ਸੀ, ਉਹ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਮਸਲਿਆਂ ਵਲੋਂ ਮੂੰਹ ਮੋੜ ਕੇ ਮੁਫਤ ਦੀਆਂ ਰਿਓੜੀਆਂ ਵੰਡਣ ਦੇ ਰਾਹ ਪੈ ਚੁਕੀ ਹੈ ਇਸ ਲਈ ਸਾਡੇ ਕੋਲ ਸੰਘਰਸ਼ ਦਾ ਰਾਹ ਹੀ ਰਹਿ ਗਿਆ ਹੈ। ਐੱਲ.ਟੀ.ਸੀ. ਦੀ ਪ੍ਰਾਪਤੀ ਸਬੰਧੀ ਸੁਰੇਸ਼ ਸ਼ਰਮਾ ਨੇ ਦੱਸਿਆ ਕਿ ਅਨੈਕਸ਼ਰ-ਏ ਹਰ ਪੈਨਸ਼ਨਰ ਲਈ ਭਰਨਾ ਜਰੂਰੀ ਹੈ ਤੇ ਇਕ ਵਾਰ ਹੀ ਭਰਨਾ ਹੈ, ਬਾਕੀ ਐੱਲ.ਟੀ.ਸੀ.ਜਿਹੜੇ ਮਹੀਨੇ ਮਿਲਣਯੋਗ ਹੋਵੇ ਉਸ ਤੋਂ ਮਹੀਨਾ ਪਹਿਲਾਂ ਹੀ ਅਪਲਾਈ ਕਰ ਦੇਣਾ ਚਾਹੀਦਾ ਹੈ। ਇਸ ਸਮੇਂ ਸਵਿੰਦਰ ਔਲਖ ਜ਼ਿਲ੍ਹਾ ਜਨਰਲ ਸਕੱਤਰ, ਵਿਨੋਦ ਸ਼ਰਮਾ ਬਲਾਕ ਜਨਰਲ ਸਕੱਤਰ ਨੇ ਵੀ ਵਿਚਾਰ ਪੇਸ਼ ਕੀਤੇ। ਇਸ ਮੌਕੇ ਪਿਆਰਾ ਸਿੰਘ, ਅਮਰਜੀਤ ਸੈਣੀ, ਜਸਵੀਰ ਸਿੰਘ, ਬਲਵਿੰਦਰ ਸਿੰਘ, ਮਹਿੰਦਰ ਸਿੰਘ, ਜਸਪਾਲ ਸਿੰਘ, ਸੁਰਿੰਦਰ ਕਲਸੀ, ਨਰਿੰਦਰ ਸਿੰਘ, ਪ੍ਰੇਮ ਨਾਥ, ਦਰਬਾਰੀ ਲਾਲ, ਮੰਗਤ ਚੰਚਲ, ਬੂਟਾ ਰਾਮ, ਪ੍ਰੇਮ ਨਗਰ, ਲਖਵਿੰਦਰ ਸਿੰਘ, ਰਘਬੀਰ ਚਾਹਲ, ਰਮੇਸ਼ ਚੰਦਰ ਸ਼ਰਮਾ ਅਤੇ ਬੂਟਾ ਰਾਮ ਆਜ਼ਾਦ ਹਾਜ਼ਰ ਸਨ। ਅਖੀਰ ਵਿਚ ਪਿਆਰਾ ਸਿੰਘ ਡਡਵਾਂ ਵਲੋਂ ਸਾਥੀਆਂ ਨੂੰ ਰੈਲੀ ਵਿਚ ਪਹੁੰਚਣ ਹਿਤ ਅਪੀਲ ਕੀਤੀ ਗਈ।