ਗੁਰਦਾਸਪੁਰ, 16 ਜੁਲਾਈ (ਚੱਕਰਾਜਾ)-ਪੰਜਾਬ ਸਰਕਾਰ ਵਲੋਂ ਨਸ਼ਿਆ ਵਿਰੁੱਧ ਵਿੱਢੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੇ 500 ਦਿਨ ਸਫਲਤਾ ਪੂਰਵਕ ਮੁਕੰਮਲ ਕਰ ਲਏ ਹਨ ਅਤੇ ਲੋਕਾਂ ਦੇ ਸਹਿਯੋਗ ਨਾਲ ਇਸ ਮੁਹਿੰਮ ਦੇ ਜ਼ਮੀਨੀ ਪੱਧਰ ’ਤੇ ਸਾਰਥਕ ਨਤੀਜੇ ਸਾਹਮਣੇ ਆਏ ਹਨ। ਇਹ ਪ੍ਰਗਟਾਵਾ ਡਾ: ਅਰਸ਼ਦੀਪ ਸਿੰਘ ਜ਼ਿਲ੍ਹਾ ਇੰਚਾਰਜ਼ ਨਸ਼ਾ ਮੁਕਤੀ ਮੋਰਚਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ। ਇਸ ਮੌਕੇ ਵਾਈਸ ਇੰਚਾਰਜ ਅਨਮੋਲ ਰੰਧਾਵਾ, ਪਵਨ ਕੁਮਾਰ ਹਲਕਾ ਕੋਆਰਡੀਨੇਟਰ ਸਮੇਤ ਸਮੂਹ ਹਲਕਿਆਂ ਦੇ ਕੋਆਰਡੀਨੇਟਰ ਤੇ ਬਲਾਕ ਪੱਧਰ ਦੇ ਕੋਆਰਡੀਨੇਟਰ ਮੌਜੂਦ ਸਨ।ਗੱਲਬਾਤ ਕਰਦਿਆਂ ਡਾ: ਅਰਸ਼ਦੀਪ ਸਿੰਘ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਲਈ ਯਤਨਸ਼ੀਲ ਹੈ ਤੇ ਸਮਾਜਿਕ ਬੁਰਾਈ ਨਸ਼ਿਆਂ ਨੂੰ ਖਤਮ ਕਰਨ ਦਾ ਸਰਕਾਰ ਵਲੋਂ ਤਹੱਈਆ ਕੀਤਾ ਹੈ। ਉਨ੍ਹਾਂ ਦੱਸਿਆ ਕਿ ‘ਯੁੱਧ ਨਸ਼ਿਆ ਵਿਰੁੱਧ’ ਮੁਹਿੰਮ 1 ਮਾਰਚ 2025 ਨੂੰ ਸ਼ੂਰੁ ਕੀਤੀ ਸੀ ਤੇ ਇਸ ਮੁਹਿੰਮ ਤਹਿਤ ਬੀਤੇ ਕੱਲ ਤੱਕ 73,596 ਨਸ਼ਾ ਤਸਕਰ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ ਅਤੇ ਲੋਕਾਂ ਵਲੋਂ ਵੀ ਸਹਿਯੋਗ ਕੀਤਾ ਜਾ ਰਿਹਾ ਹੈ। ਜਿਸ ਤਹਿਤ ਪਿਛਲੇ ਮਹੀਨੇ ਬਟਾਲਾ ਪੁਲਿਸ ਨੂੰ ਲੋਕਾਂ ਵਲੋਂ 115 ਸ਼ਿਕਾਇਤਾਂ ਦਿੱਤੀਆਂ, ਜਿਸ ਦੇ ਆਧਾਰ ’ਤੇ ਮਾਮਲੇ ਦਰਜ ਕੀਤੇ ਗਏ। ਇਸੇ ਤਰ੍ਹਾਂ ਗੁਰਦਾਸਪੁਰ ਪੁਲਿਸ ਨੂੰ 50 ਸ਼ਿਕਾਇਤਾਂ ਮਿਲੀਆਂ ਸਨ, ਜਿਸ ’ਤੇ ਕਾਰਵਾਈ ਕਰਦਿਆਂ 36 ਮਾਮਲੇ ਦਰਜ ਕੀਤੇ ਗਏ। ਜਦੋਂ ਕਿ ਈ-ਰਿਕਸ਼ਾ ਮੁਹਿੰਮ ਤਹਿਤ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਨਸ਼ਿਆਂ ਖਿਲਾਫ ਜਾਗਰੂਕ ਕੀਤਾ ਜਾ ਰਿਹਾ ਹੈ ਤੇ ਇਸ ਵਿਚ ਸੁਝਾਅ ਵਾਲਾ ਬਕਸਾ ਰੱਖਿਆ ਗਿਆ ਹੈ, ਜਿਸ ਵਿਚ ਲੋਕ ਨਸ਼ਾ ਤਸਕਰਾਂ ਖਿਲਾਫ ਖੁੱਲ ਕੇ ਜਾਣਕਾਰੀ ਦੇ ਸਕਦੇ ਹਨ । ਉਨਾਂ ਕਿਹਾ ਕਿ ਜਿਥੇ ਸਰਕਾਰ ਵਲੋਂ ਨਸ਼ਾ ਤਸਕਰਾਂ ਵਿੱਰੁਧ ਸਖਤ ਕਾਰਵਾਈ ਕੀਤੀ ਜਾ ਰਹੀ ਹੈ, ਉਸ ਦੇ ਨਾਲ-ਨਾਲ ਨਸ਼ਾ ਪੀੜਤਾਂ ਦਾ ਨਸ਼ਾ ਛੁਡਾਓ ਕੇਂਦਰਾਂ ਵਿਚ ਮੁਫਤ ਇਲਾਜ ਕਰਵਾਇਆ ਜਾ ਰਿਹਾ ਹੈ।