ਕਲਾਨੌਰ, 17 ਜੁਲਾਈ (ਪੁਰੇਵਾਲ)-ਆਗਾਮੀ ਸਮੇਂ ਪੈਦਾ ਹੋਣ ਵਾਲੇ ਡੇਂਗੂ ਮੱਛਰ ਦੀ ਪੈਦਾਵਰ ਨੂੰ ਰੋਕਣ ਲਈ ਸਥਾਨਕ ਸ਼ਹੀਦ ਸੁਖਵਿੰਦਰ ਸਿੰਘ ਸੈਣੀ ਕਮਿਊਨਟੀ ਸਿਹਤ ਕੇਂਦਰ ਦੇ ਸਿਹਤ ਅਮਲੇ ਵਲੋਂ ਕਲਾਨੌਰ ਦੇ ਵੱਖ-ਵੱਖ ਸਰਕਾਰੀ ਦਫ਼ਤਰਾਂ ’ਚ ਸਪਰੇਅ ਕਰਵਾਈ ਜਾ ਰਹੀ ਹੈ। ਇਸ ਸਬੰਧੀ ਸੀਨੀਅਰ ਮੈਡੀਕਲ ਅਫ਼ਸਰ ਡਾ. ਲਖਵਿੰਦਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਹੈਲਥ ਇੰਸਪੈਕਟਰ ਪ੍ਰਭਜੋਤ ਸਿੰਘ, ਹੈਲਥ ਇੰਸਪੈਕਟਰ ਸੁਖਚੈਨ ਸਿੰਘ, ਹੈਲਥ ਇੰਸਪੈਕਟਰ ਗੁਰਪ੍ਰੀਤ ਪਾਲ, ਮਲਟੀਪਰਪਜ਼ ਹੈਲਥ ਵਰਕਰ ਮੇਲ ਵਿਜੇਪਾਲ ਸਿੰਘ, ਨਿਰਮਲ ਸਿੰਘ, ਹਰਪ੍ਰੀਤ ਸਿੰਘ, ਹਰਜਿੰਦਰ ਸਿੰਘ, ਮਨਜਿੰਦਰ ਸਿੰਘ, ਸਤਵਿੰਦਰ ਸਿੰਘ, ਜਸਪਿੰਦਰ ਸਿੰਘ ਦੀ ਟੀਮ ਵਲੋਂ ਕਲਾਨੌਰ ਦੇ ਬਿਜਲੀ ਘਰ, ਬੀ.ਡੀ.ਪੀ.ਓ. ਦਫਤਰ, ਸੀ.ਡੀ.ਪੀ.ਓ. ਦਫਤਰ, ਵੈਟਰਨਰੀ ਹਸਪਤਾਲ, ਸਰਬੱਤ ਦਾ ਭਲਾ ਚੈਰੀਟੇਬਲ ਹਸਪਤਾਲ, ਐਸ.ਡੀ.ਐਮ. ਦਫਤਰ, ਮਾਰਕਿਟ ਕਮੇਟੀ ਦਫਤਰ, ਸ੍ਰੀ ਰਾਮ ਹਸਪਤਾਲ, ਹੋਪ ਹਸਪਤਾਲ ਆਦਿ ’ਚ ਜਾ ਕੇ ਡੇਂਗੂ ਦੇ ਮੱਛਰ ਦੀ ਰੋਕਥਾਮ ਲਈ ਸਪਰੇਅ ਕੀਤੀ ਗਈ ਤੇ ਇਸ ਦੀ ਰੋਕਥਾਮ ਲਈ ਰੱਖਣ ਵਾਲੀਆਂ ਸਾਵਧਾਨੀਆਂ ਤੋਂ ਵੀ ਜਾਗਰੂਕ ਕੀਤਾ ਗਿਆ। ਡਾ. ਲਖਵਿੰਦਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਾਫ ਜਗ੍ਹਾ ’ਤੇ ਡੇਂਗੂ ਮੱਛਰਾਂ ਦੀ ਪੈਦਾਵਾਰ ਜਿਆਦਾ ਹੁੰਦੀ ਹੈ, ਇਸ ਲਈ ਸਾਫ ਜਗ੍ਹਾ ਤੇ ਸਾਫ ਪਾਣੀ ਨੂੰ ਜਿਆਦਾ ਸਮੇਂ ਤੱਕ ਖੜਾ ਨਾ ਰਹਿਣ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵਲੋਂ ਹਰੇਕ ਸ਼ੁੱਕਰਵਾਰ ਡ੍ਰਾਈ ਡੇਅ ਮਨਾਇਆ ਜਾਂਦਾ। ਇਸ ਲਈ ਹਰ ਹਫਤੇ ਫਰਿੱਜ਼ਾਂ ਦੀਆਂ ਹੇਠਾਂ ਪਾਣੀ ਵਾਲੀਆਂ ਟੇ੍ਰਅ, ਕੂਲਰਾਂ, ਛੱਤਾਂ ’ਤੇ ਪਏ ਟਾਇਰ, ਖੁੱਲੇ ’ਚ ਪਏ ਖਾਲੀ ਬਰਤਨ ਆਦਿ ’ਚ ਪਾਣੀ ਖੜਾ ਨਹੀਂ ਰਹਿਣ ਦਿੱਤਾ ਜਾਣਾ ਚਾਹੀਦਾ ਤੇ ਬਾਰਸ਼ਾਂ ਤੋਂ ਬਾਅਦ ਜਾਂ ਹਰ ਹਫ਼ਤੇ ਇਹ ਯਕੀਨੀ ਬਣਾਇਆ ਜਾਵੇ ਕਿ ਉਨ੍ਹਾਂ ਦੇ ਆਸ-ਪਾਸ ਖਾਲੀ ਥਾਂ ’ਤੇ ਕਿਸੇ ਬਰਤਨ ਜਾਂ ਹੋਰ ਵਸਤੂ ’ਚ ਸਾਫ ਪਾਣੀ ਤਾਂ ਨਹੀਂ ਖੜਾ। ਉਨ੍ਹਾਂ ਕਿਹਾ ਕਿ ਸਾਰਿਆਂ ਦੇ ਸਹਿਯੋਗ ਨਾਲ ਡੇਂਗੂ ਦਾ ਖਾਤਮਾ ਕੀਤਾ ਜਾ ਸਕਦਾ ਹੈ ਜਿਸ ਨਾਲ ਬਿਮਾਰੀ ਤੋਂ ਵੀ ਬਚਾਅ ਹੋ ਸਕੇਗਾ।