ਗੁਰਦਾਸਪੁਰ, 17 ਜੁਲਾਈ (ਅਸ਼ੋਕ ਸ਼ਰਮਾ)-ਭਾਰਤ ਚੋਣ ਕਮਿਸ਼ਨ ਵਲੋਂ ਪੰਜਾਬ ’ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੁਧਾਈ ਦਾ ਸੋਧਿਆ ਸ਼ੈਡਿਊਲ ਜਾਰੀ ਕੀਤਾ ਹੈ, ਜਿਸ ਤਹਿਤ ਹੁਣ ਬੀ.ਐੱਲ.ਓਜ਼ ਵਲੋਂ ਘਰ-ਘਰ ਜਾ ਕੀਤੀ ਜਾਣ ਵਾਲੀ ਵੈਰੀਫਿਕੇਸ਼ਨ 3 ਅਗਸਤ ਤੱਕ ਜਾਰੀ ਰਹੇਗੀ। ਇਸ ਸੋਧੇ ਹੋਏ ਸ਼ੈਡਿਊਲ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਆਦਿਤਿਆ ਉੱਪਲ ਨੇ ਦੱਸਿਆ ਕਿ 25 ਜੂਨ ਤੋਂ ਸ਼ੁਰੂ ਹੋਈ ਬੂਥ ਲੈਵਲ ਅਫ਼ਸਰਾਂ ਵਲੋਂ ਵੋਟਰਾਂ ਦੀ ਘਰ-ਘਰ ਜਾ ਕੇ ਕੀਤੀ ਜਾਣ ਵਾਲੀ ਵੈਰੀਫਿਕੇਸ਼ਨ ਹੁਣ 3 ਅਗਸਤ ਤੱਕ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਡਰਾਫਟ ਵੋਟਰ ਸੂਚੀ 13 ਅਗਸਤ ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ। ਹੁਣ ਵੋਟਰ 13 ਅਗਸਤ ਤੋਂ 12 ਸਤੰਬਰ ਤੱਕ ਆਪਣੇ ਦਾਅਵੇ ਅਤੇ ਇਤਰਾਜ਼ ਦਰਜ ਕਰਵਾ ਸਕਣਗੇ। ਨੋਟਿਸ ਪੜਾਅ/ਦਾਅਵੇ ਅਤੇ ਇਤਰਾਜ਼ਾਂ ਦੇ ਨਿਪਟਾਰੇ ਦਾ ਕੰਮ 8 ਅਕਤੂਬਰ ਤੱਕ ਚੱਲੇਗੀ। ਉਨ੍ਹਾਂ ਦੱਸਿਆ ਕਿ ਅੰਤਿਮ ਵੋਟਰ ਸੂਚੀ ਦੀ ਪ੍ਰਕਾਸ਼ਨਾ 12 ਅਕਤੂਬਰ ਨੂੰ ਕੀਤੀ ਜਾਵੇਗੀ। ਸਾਰੇ ਯੋਗ ਵੋਟਰਾਂ ਨੂੰ ਅਪੀਲ ਕਰਦਿਆਂ ਜ਼ਿਲ੍ਹਾ ਚੋਣ ਅਫ਼ਸਰ ਨੇ ਚੱਲ ਰਹੀ ਘਰ-ਘਰ ਵੈਰੀਫਿਕੇਸ਼ਨ ਮੁਹਿੰਮ ਦੌਰਾਨ ਬੀ.ਐਲ.ਓਜ਼ ਨੂੰ ਪੂਰਾ ਸਹਿਯੋਗ ਦੇਣ ਅਤੇ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਵੋਟਰ ਸੂਚੀ ਵਿਚ ਉਨ੍ਹਾਂ ਦੇ ਵੇਰਵੇ ਸਹੀ, ਮੁਕੰਮਲ ਅਤੇ ਅਪਡੇਟਿਡ ਹੋਣ। ਉਨ੍ਹਾਂ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਐੱਸ.ਆਈ.ਆਰ ਦੇ ਸਬੰਧ ਵਿਚ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਵੋਟਰ ਹੈਲਪਲਾਈਨ ਟੋਲ-ਫ੍ਰੀ ਨੰਬਰ 1950 ‘ਤੇ ਸੰਪਰਕ ਕਰ ਸਕਦੇ ਹਨ।