ਪਠਾਨਕੋਟ, 17 ਜੁਲਾਈ (ਸੁਮਿਤ)-ਦੋ ਦਿਵਸੀ ਸਫ਼ਾਈ ਮੁਹਿੰਮ ਤਹਿਤ ਭਾਰਤੀ ਜਨਤਾ ਪਾਰਟੀ ਵਲੋਂ ਚਲਾਈ ਜਾ ਰਹੀ ਵਿਸ਼ੇਸ਼ ਸਫ਼ਾਈ ਮੁਹਿੰਮ ਦੇ ਅਧੀਨ ਵਾਰਡ ਨੰਬਰ-9 ਦੇ ਨਵ-ਨਿਯੁਕਤ ਕੌਂਸਲਰ ਨਮਨ ਮਹਾਜਨ ਨੇ ਆਪਣੇ ਵਾਰਡ ’ਚ ਸਫ਼ਾਈ ਪ੍ਰਬੰਧ ਨੂੰ ਬਿਹਤਰ ਬਣਾਉਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ। ਮੁਹਿੰਮ ਦੌਰਾਨ ਕੌਂਸਲਰ ਨਮਨ ਮਹਾਜਨ ਖੁਦ ਭਾਜਪਾ ਵਰਕਰਾਂ ਨਾਲ ਮਿਲ ਕੇ ਸੜਕਾਂ, ਗਲੀਆਂ ਤੇ ਜਨਤਕ ਥਾਵਾਂ ਦੀ ਸਫ਼ਾਈ ਕਰਦੇ ਨਜ਼ਰ ਆਏ। ਉਨ੍ਹਾਂ ਲੋਕਾਂ ਨੂੰ ਆਪਣੇ ਆਲੇ-ਦੁਆਲੇ ਸਫ਼ਾਈ ਬਣਾਈ ਰੱਖਣ ਅਤੇ ਕੂੜਾ ਸਿਰਫ਼ ਨਿਰਧਾਰਿਤ ਥਾਵਾਂ ‘ਤੇ ਹੀ ਸੁੱਟਣ ਦੀ ਅਪੀਲ ਕੀਤੀ। ਨਮਨ ਮਹਾਜਨ ਕਿਹਾ ਕਿ ਸਾਫ਼-ਸੁਥਰਾ ਵਾਰਡ ਤੇ ਸਾਫ਼-ਸੁਥਰਾ ਸ਼ਹਿਰ ਲੋਕਾਂ ਦੀ ਭਾਗੀਦਾਰੀ ਨਾਲ ਹੀ ਸੰਭਵ ਹੈ। ਉਨ੍ਹਾਂ ਦੱਸਿਆ ਕਿ ਭਾਰਤੀ ਜਨਤਾ ਪਾਰਟੀ ਵਲੋਂ ਚਲਾਈ ਜਾ ਰਹੀ ਇਹ ਦੋ ਦਿਵਸੀ ਸਫ਼ਾਈ ਮੁਹਿੰਮ ਲੋਕਾਂ ਨੂੰ ਸਫ਼ਾਈ ਪ੍ਰਤੀ ਜਾਗਰੂਕ ਕਰਨ ਦੇ ਮਕਸਦ ਨਾਲ ਆਯੋਜਿਤ ਕੀਤੀ ਗਈ ਹੈ। ਇਸ ਮੁਹਿੰਮ ਦੌਰਾਨ ਸਫ਼ਾਈ ਕਰਮਚਾਰੀਆਂ ਤੇ ਭਾਜਪਾ ਵਰਕਰਾਂ ਨੇ ਵੀ ਵੱਧ-ਚੜ੍ਹ ਕੇ ਹਿੱਸਾ ਲਿਆ। ਸਥਾਨਕ ਲੋਕਾਂ ਨੇ ਕੌਂਸਲਰ ਦੀ ਇਸ ਪਹਿਲ ਦੀ ਸਰਾਹਨਾ ਕਰਦਿਆਂ ਕਿਹਾ ਕਿ ਜਨ ਪ੍ਰਤੀਨਿਧੀਆਂ ਦਾ ਖੁਦ ਮੈਦਾਨ ਵਿਚ ਉਤਰ ਕੇ ਸਫ਼ਾਈ ਮੁਹਿੰਮ ਵਿਚ ਹਿੱਸਾ ਲੈਣਾ ਇਕ ਸਕਾਰਾਤਮਿਕ ਸੰਦੇਸ਼ ਹੈ। ਲੋਕਾਂ ਨੇ ਵਿਸ਼ਵਾਸ ਜਤਾਇਆ ਕਿ ਇਸ ਤਰ੍ਹਾਂ ਦੇ ਯਤਨਾਂ ਨਾਲ ਵਾਰਡ ਵਿਚ ਸਫ਼ਾਈ ਪ੍ਰਬੰਧ ਹੋਰ ਵੀ ਮਜ਼ਬੂਤ ਹੋਵੇਗਾ।