ਬਟਾਲਾ, 18 ਜੁਲਾਈ (ਸਤਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਸੁੱਚਾ ਸਿੰਘ ਲੰਗਾਹ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਰਟੀ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ 21 ਜੁਲਾਈ ਨੂੰ ਦੁਪਹਿਰ 12 ਵਜੇ ਡੇਰਾ ਬਾਬਾ ਨਾਨਕ ਪਹੁੰਚ ਕੇ ਰਾਵੀ ਦਰਿਆ ਦੇ ਬੰਨ੍ਹਾਂ ਅਤੇ ਪਿਛਲੇ ਸਾਲ ਹੜ੍ਹਾਂ ਦੌਰਾਨ ਪ੍ਰਭਾਵਿਤ ਹੋਏ ਇਲਾਕਿਆਂ ਦਾ ਜਾਇਜ਼ਾ ਲੈਣਗੇ। ਜਥੇ. ਲੰਗਾਹ ਨੇ ਕਿਹਾ ਕਿ ਪਿਛਲੇ ਸਾਲ ਰਾਵੀ ਦਰਿਆ ਦੇ ਬੰਨ੍ਹ ਟੁੱਟਣ ਕਾਰਨ ਗੁਰਦਾਸਪੁਰ ਜ਼ਿਲ੍ਹੇ ਵਿਚ ਭਾਰੀ ਤਬਾਹੀ ਹੋਈ ਸੀ। ਹਜ਼ਾਰਾਂ ਏਕੜ ਫਸਲਾਂ ਪਾਣੀ ਹੇਠ ਆ ਗਈਆਂ, ਅਨੇਕਾਂ ਘਰ ਢਹਿ ਗਏ ਅਤੇ ਲੋਕਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪਿਆ। ਉਨ੍ਹਾਂ ਕਿਹਾ ਕਿ ਪ੍ਰਭਾਵਿਤ ਪਰਿਵਾਰ ਅੱਜ ਵੀ ਪੂਰੀ ਤਰ੍ਹਾਂ ਸੰਭਲ ਨਹੀਂ ਸਕੇ ਅਤੇ ਕਈ ਲੋਕ ਸਰਕਾਰੀ ਸਹਾਇਤਾ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਸ: ਸੁਖਬੀਰ ਸਿੰਘ ਬਾਦਲ ਪਿਛਲੇ ਸਾਲ ਵੀ ਪ੍ਰਭਾਵਿਤ ਇਲਾਕਿਆਂ ਵਿਚ ਪਹੁੰਚ ਕੇ ਲੋਕਾਂ ਦਾ ਦੁੱਖ-ਦਰਦ ਸਾਂਝਾ ਕਰਨ ਅਤੇ ਉਨ੍ਹਾਂ ਦਾ ਹੌਸਲਾ ਵਧਾਉਣ ਲਈ ਆਏ ਸਨ। ਹੁਣ ਦੁਬਾਰਾ ਉਹ ਦਰਿਆ ਦੇ ਬੰਨ੍ਹਾਂ ਦੀ ਸਥਿਤੀ ਦਾ ਨਿਰੀਖਣ ਕਰਨਗੇ ਤਾਂ ਜੋ ਆਉਣ ਵਾਲੇ ਬਰਸਾਤੀ ਮੌਸਮ ਵਿਚ ਕਿਸੇ ਵੀ ਸੰਭਾਵਿਤ ਖ਼ਤਰੇ ਨੂੰ ਸਮੇਂ ਸਿਰ ਉਜਾਗਰ ਕੀਤਾ ਜਾ ਸਕੇ। ਲੰਗਾਹ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ ਕਿ ਕੁਝ ਥਾਵਾਂ ’ਤੇ ਬੰਨ੍ਹਾਂ ਦੀ ਮੁਰੰਮਤ ਮਿਆਰੀ ਢੰਗ ਨਾਲ ਨਹੀਂ ਕੀਤੀ ਗਈ ਅਤੇ ਕਥਿਤ ਤੌਰ ’ਤੇ ਰੇਤ ਪਾ ਕੇ ਹੀ ਕੰਮ ਮੁਕੰਮਲ ਦਿਖਾ ਦਿੱਤਾ ਗਿਆ। ਇਨ੍ਹਾਂ ਸ਼ਿਕਾਇਤਾਂ ਦੀ ਹਕੀਕਤ ਜਾਣਨ ਅਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਮੌਕੇ ’ਤੇ ਸੁਣਨ ਲਈ ਇਹ ਦੌਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਸਮੂਹ ਅਕਾਲੀ ਵਰਕਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ 21 ਜੁਲਾਈ ਨੂੰ ਦੁਪਹਿਰ 12 ਵਜੇ ਤੋਂ ਪਹਿਲਾਂ-ਪਹਿਲਾਂ ਆਪਣੀਆਂ ਗੱਡੀਆਂ ਰਾਹੀਂ ਵੱਡੀ ਗਿਣਤੀ ਵਿਚ ਡੇਰਾ ਬਾਬਾ ਨਾਨਕ ਪਹੁੰਚ ਕੇ ਸ: ਸੁਖਬੀਰ ਸਿੰਘ ਬਾਦਲ ਦੇ ਵਿਚਾਰ ਸੁਣਨ ਅਤੇ ਪ੍ਰਭਾਵਿਤ ਲੋਕਾਂ ਦੇ ਹੱਕਾਂ ਦੀ ਲੜਾਈ ਨੂੰ ਮਜ਼ਬੂਤ ਕਰਨ ਵਿਚ ਆਪਣਾ ਯੋਗਦਾਨ ਪਾਉਣ। ਇਸ ਮੌਕੇ ਅਮਰੀਕ ਸਿੰਘ ਵਡਾਲਾ ਬਾਂਗਰ ਸਾਬਕਾ ਚੇਅਰਮੈਨ, ਬਲਵਿੰਦਰ ਸਿੰਘ ਢਿੱਲੋਂ, ਗੁਰਜਿੰਦਰ ਸਿੰਘ ਅਠਵਾਲ, ਤਜਬੀਰ ਸਿੰਘ ਪੀ.ਏ. ਲੰਗਾਹ, ਸਿਮਰ ਵੈਰੋਕੇ ਬਾਜਵਾ ਦਿਹਾਤੀ ਪ੍ਰਧਾਨ, ਸੁਖਵਿੰਦਰ ਸਿੰਘ ਪਕੀਵਾਂ, ਅੰਮ੍ਰਿਤ ਖਾਸਾ, ਲਾਲੀ ਜੌਹਲ ਨੰਗਲ, ਪ੍ਰਭਜੀਤ ਸਿੰਘ ਬੱਲ ਪ੍ਰਧਾਨ ਯੂਥ ਅਕਾਲੀ ਦਲ ਸ਼ਹਿਰੀ, ਬਲਵਿੰਦਰ ਸਿੰਘ ਲੋਪਾ, ਕੁਲਜੀਤ ਸਿੰਘ ਮਝੈਲ, ਰਜਿੰਦਰ ਸਿੰਘ ਵੈਰੋਕੇ ਬਾਜਵਾ, ਸਤਿਨਾਮ ਸਿੰਘ ਪਟਵਾਰੀ ਠੇਠਰਕੇ ਸਰਕਲ ਜਥੇਦਾਰ, ਕੁਲਦੀਪ ਸਿੰਘ ਪੰਨਵਾਂ, ਤਰਸੇਮ ਸਿੰਘ ਬਸਤੀ, ਗੁਰਵਿੰਦਰ ਸਿੰਘ ਗੁਰਚੱਕ, ਕਿਰਨਜੀਤ ਕੌਰ ਕਲਾਨੌਰ ਆਦਿ ਹਾਜ਼ਰ ਸਨ।