ਕਾਦੀਆਂ, 18 ਜੁਲਾਈ (ਹਰਦੀਪ ਸਿੰਘ ਸੰਧੂ)-ਨਗਰ ਕੌਂਸਲ ਕਾਦੀਆਂ ’ਚ ਆਮ ਆਦਮੀ ਪਾਰਟੀ ਦੇ ਪ੍ਰਧਾਨ ਬਣਨ ਉਪਰੰਤ ਹਲਕਾ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਦੀ ਅਗਵਾਈ ਹੇਠ ਕਾਦੀਆਂ ਸ਼ਹਿਰ ’ਚ ਵਿਸ਼ਾਲ ਰੋਡ ਸ਼ੋਅ ਕੱਢਿਆ ਗਿਆ। ਇਸ ਦੌਰਾਨ ਸ਼ਹਿਰ ਵਾਸੀਆਂ ਤੇ ਪਾਰਟੀ ਵਰਕਰਾਂ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਗੁਰਇਕਬਾਲ ਸਿੰਘ ਮਾਹਲ ਨੇ ਕਾਦੀਆਂ ਦੇ ਲੋਕਾਂ ਦਾ ਆਮ ਆਦਮੀ ਪਾਰਟੀ ’ਤੇ ਭਰੋਸਾ ਜਤਾਉਣ ਲਈ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਜਿੱਤ ਕਿਸੇ ਇਕ ਵਿਅਕਤੀ ਦੀ ਨਹੀਂ, ਸਗੋਂ ਕਾਦੀਆਂ ਦੇ ਹਰ ਨਾਗਰਿਕ ਦੀ ਜਿੱਤ ਹੈ, ਜਿਸ ਨੇ ਵਿਕਾਸ ਤੇ ਇਮਾਨਦਾਰ ਰਾਜਨੀਤੀ ਨੂੰ ਆਪਣਾ ਸਮਰਥਨ ਦਿੱਤਾ ਹੈ। ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚ ਦੁਕਾਨਦਾਰਾਂ ਤੇ ਨਾਗਰਿਕਾਂ ਵਲੋਂ ਗੁਰਇਕਬਾਲ ਸਿੰਘ ਮਾਹਲ ਦਾ ਹਾਰ ਪਾ ਕੇ ਤੇ ਸਿਰੋਪਾਓ ਭੇਟ ਕਰਕੇ ਨਿੱਘਾ ਸਵਾਗਤ ਤੇ ਸਨਮਾਨ ਕੀਤਾ ਗਿਆ। ਲੋਕਾਂ ਨੇ ਆਮ ਆਦਮੀ ਪਾਰਟੀ ਦੀ ਨਵੀਂ ਟੀਮ ਨੂੰ ਵਧਾਈ ਦਿੰਦਿਆਂ ਸ਼ਹਿਰ ਦੇ ਵਿਕਾਸ ਲਈ ਪੂਰਾ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਸ: ਮਾਹਲ ਨੇ ਕਿਹਾ ਕਿ ਕਾਦੀਆਂ ਸ਼ਹਿਰ ਵਿਚ ਲੰਮੇ ਸਮੇਂ ਤੋਂ ਅਧੂਰੇ ਪਏ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ’ਤੇ ਮੁਕੰਮਲ ਕਰਵਾਇਆ ਜਾਵੇਗਾ। ਇਸ ਮੌਕੇ ਜਰਨੈਲ ਸਿੰਘ ਮਾਹਲ, ਨਗਰ ਕੌਂਸਲ ਦੇ ਪ੍ਰਧਾਨ ਪਲਵਿੰਦਰ ਕੌਰ ਮਾਹਲ, ਉਪ ਪ੍ਰਧਾਨ ਗੁਰਦਿਲਬਾਗ ਸਿੰਘ ਮਾਹਲ, ਹਰਪ੍ਰੀਤ ਕੌਰ ਕੌਂਸਲਰ, ਪੂਜਾ ਕੌਸਲਰ, ਰਾਜ ਕੁਮਾਰ ਕੌਸਲਰ, ਪੂਜਾ ਰਾਣੀ ਕੌਸਲਰ, ਸੁਰਿੰਦਰਪਾਲ ਕੌਸਲਰ, ਗਗਨਦੀਪ ਸਿੰਘ ਗਿੰਨੀ ਭਾਟੀਆ, ਵਿਜੇ ਕੁਮਾਰ, ਅਸ਼ੋਕ ਕੁਮਾਰ, ਸੁਖਵਿੰਦਰ ਨਾਹਰ, ਮੁਲਖ ਰਾਜ (ਸਾਰੇ ਸਾਬਕਾ ਕੌਸਲਰ), ਹਰਪ੍ਰੀਤ ਸਿੰਘ ਮਾਹਲ, ਸਰਬਜੀਤ ਸਿੰਘ ਮਾਹਲ, ਹਰਪਾਲ ਸਿੰਘ ਕੰਗ ਸਰਪੰਚ, ਮੁਖਦੇਵ ਸਿੰਘ ਆਲੋਵਾਲ, ਜਸਪਾਲ ਸਿੰਘ ਪੰਧੇਰ, ਮਲਕੀਤ ਸਿੰਘ ਨਾਥਪੁਰ, ਇੰਦਰਜੀਤ ਸਿੰਘ ਜਕੜੀਆ, ਬਿਕਰਮਜੀਤ ਸਿੰਘ ਡੇਹਰੀਵਾਲ, ਪ੍ਰਿਤਪਾਲ ਸਿੰਘ ਕੱਲੂ ਸੋਹਲ, ਬਚਿੱਤਰ ਸਿੰਘ ਠੱਕਰ ਸੰਧੂ ਆਦਿ ਹਾਜ਼ਰ ਸਨ।