ਗੁਰਦਾਸਪੁਰ, 18 ਜੁਲਾਈ (ਚੱਕਰਾਜਾ)-ਮੁੱਖ ਮੰਤਰੀ ਭਗਵੰਤ ਮਾਨ, ਵਿੱਤ ਮੰਤਰੀ ਹਰਪਾਲ ਚੀਮਾ, ਚੇਅਰਮੈਨ ਅਨਿਲ ਠਾਕੁਰ ਤੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਦੀ ਅਗਵਾਈ ਹੇਠ ਟਰੇਡ ਕਮਿਸ਼ਨ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਤਾਲਮੇਲ ਨਾਲ ਹਲ਼ਕਾ ਦੀਨਾਨਗਰ, ਦੋਰਾਂਗਲਾ, ਬਹਿਰਾਮਪੁਰ ਤੇ ਗਾਹਲੜੀ ਵਿਖੇ ਮੀਟਿੰਗਾਂ ਕਰਕੇ ਦੁਕਾਨਕਾਰਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਇਆ ਗਿਆ ਹੈ। ਟਰੇਡ ਕਮਿਸ਼ਨ ਪੰਜਾਬ ਦੇ ਹਲਕਾ ਦੀਨਾਨਗਰ ਦੇ ਚੇਅਰਮੈਨ ਰਾਜੀਵ ਸੈਣੀ ਨੇ ਦੱਸਿਆ ਕਿ ਟਰੇਡ ਕਮਿਸ਼ਨ ਵਲੋਂ ਵਪਾਰੀ ਭਰਾਵਾਂ ਦੀ ਹਰ ਮੁਸ਼ਕਿਲ ਦਾ ਹੱਲ ਕਰਨ ਲਈ ਟਰੇਡ ਕਮਿਸ਼ਨ ਵਚਨਬੱਧ ਹੈ ਅਤੇ ਦੁਕਾਨਦਾਰਾਂ ਵਲੋਂ ਦੱਸੇ ਵੱਖ-ਵੱਖ ਕੰਮਾਂ ਨੂੰ ਟਰੇਡ ਕਮਿਸ਼ਨ ਪੂਰੀ ਤਰ੍ਹਾਂ ਕੰਮ ਮੁਕੰਮਲ ਕਰਵਾ ਚੁੱਕਾ ਹੈ। ਚੇਅਰਮੈਨ ਰਾਜੀਵ ਸੈਣੀ ਨੇ ਦੱਸਿਆ ਕਿ ਬੱਸ ਅੱਡਾ ਦੀਨਾਨਗਰ ਵਿਖੇ ਵਾਟਰ ਕੂਲਰ ਲਗਾਇਆ ਗਿਆ ਹੈ, ਜਿਸ ਨਾਲ ਆਉਣ ਜਾਣ ਵਾਲੇ ਮੁਸਾਫ਼ਰ ਇਸ ਪਹਿਲਕਦਮੀ ਦੀ ਸਲਾਘਾ ਕਰ ਰਹੇ ਹਨ। ਸ਼ਹਿਰ ਦੀ ਸਾਫ਼ ਸਫਾਈ ਦਾ ਕੰਮ ਕਰਵਾਇਆ ਗਿਆ ਹੈ ਅਤੇ ਸੀਵਰੇਜ ਦੀ ਸਫ਼ਾਈ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਦੋਰਾਂਗਲਾ ਬਾਜ਼ਾਰ ਵਿਖੇ ਟਾਇਲਾਂ ਲਗਾਈਆਂ ਗਈਆਂ ਹਨ। ਪਖਾਨੇ ਬਣਾਉਣ ਸਮੇਤ ਵੱਖ-ਵੱਖ ਵਿਕਾਸ ਕੰਮ ਕਰਵਾਏ ਗਏ ਹਨ। ਉਨ੍ਹਾਂ ਦੱਸਿਆ ਕਿ ਗਾਹਲੜੀ ਬਾਜ਼ਾਰ ਵਿਖੇ ਵਪਾਰੀਆਂ ਤੇ ਦੁਕਾਨਦਾਰਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਹਨ। ਬੱਸ ਸਟਾਪ ਬਣਵਾਇਆ ਗਿਆ ਹੈ, ਪੀਣ ਵਾਲੇ ਪਾਣੀ ਲਈ ਵਾਟਰ ਕੂਲਰ ਸਮੇਤ ਸ਼ਹਿਰ ਦੀ ਸਾਫ਼ ਸਫਾਈ ਦਾ ਕੰਮ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਟਰੇਡ ਕਮਿਸ਼ਨ ਜ਼ਿਲ੍ਹਾ ਪ੍ਰਸ਼ਾਸਨ ਨਾਲ ਮਿਲ ਕੇ ਮੁਸ਼ਕਿਲਾਂ ਦਾ ਹੱਲ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬਹਿਰਾਮਪੁਰ ਵਿਖੇ ਮੀਟਿੰਗ ਦੌਰਾਨ ਬਾਜ਼ਾਰ ਦੀ ਸਾਫ਼ ਸਫਾਈ ਅਤੇ ਮੇਨ ਰੋਡ ਤੇ ਚੌਕਾਂ ’ਤੇ ਸਟਰੀਟ ਲਾਈਟ ਲਗਾਉਣ ਦੀ ਮੰਗ ਪੂਰੀ ਕੀਤੀ ਗਈ ਹੈ। ਇਸ ਤੋਂ ਇਲਾਵਾ ਸ਼ਹਿਰ ਅੰਦਰ ਰਾਤ ਨੂੰ ਪੀ. ਸੀ. ਆਰ. 112 ਨੰਬਰ ਦੀ ਗੱਡੀ ਅਤੇ ਸ਼ਹਿਰ ਵਿਚ ਨਾਕਾਬੰਦੀ ਕੀਤੀ ਗਈ ਹੈ, ਜਿਸ ਨਾਲ ਰਾਤਾਂ ਨੂੰ ਚੋਰੀ ਆਦਿ ਘਟਨਾਵਾਂ ਨੂੰ ਠੱਲ੍ਹ ਪਈ ਹੈ। ਉਨ੍ਹਾਂ ਦੁਹਰਾਇਆ ਕਿ ਹਲਕਾ ਇੰਚਾਰਜ ਸਮਸ਼ੇਰ ਸਿੰਘ ਦੀ ਅਗਵਾਈ ਵਿਚ ਦੀਨਾਨਗਰ, ਦੋਰਾਂਗਲਾ ਸਮੇਤ ਸਮੁੱਚੇ ਹਲਕੇ ਅੰਦਰ ਵਪਾਰੀਆਂ, ਦੁਕਾਨਦਾਰਾਂ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਪਹਿਲ ਦੇ ਆਧਾਰ ‘ਤੇ ਹੱਲ ਕੀਤੀਆਂ ਜਾ ਰਹੀਆਂ ਹਨ।